ਤਾਮਿਲਨਾਡੂ: ਤਿਰੂਵਨਾਇਕਵਾਲ ਦੇ ਜੰਬੂਕੇਸ਼ਵਰ ਮੰਦਰ ਨੇੜੇ ਖੁਦਾਈ ਕਰਦੇ ਸਮੇਂ, ਇੱਕ ਤਾਂਬੇ ਦੇ ਭਾਂਡੇ ਵਿੱਚ 1.716 ਕਿਲੋ ਭਾਰ ਦੇ 505 ਸੋਨੇ ਦੇ ਸਿੱਕੇ ਮਿਲੇ। ਬੁੱਧਵਾਰ ਨੂੰ ਖੁਦਾਈ ਦੌਰਾਨ, ਜਦੋਂ ਲੋਕਾਂ ਨੂੰ ਇਥੇ ਸੋਨੇ ਦੇ ਸਿੱਕੇ ਮਿਲੇ, ਤਾਂ ਇਹ ਖ਼ਬਰ ਸੁਣਦਿਆਂ ਹੀ ਹੱਲਚਲ ਮਚ ਗਈ।

ਮੰਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਦੇ ਅੰਦਰੋਂ 504 ਛੋਟੇ ਅਤੇ 1 ਵੱਡਾ ਸਿੱਕਾ ਮਿਲਿਆ ਹੈ। ਇਹਨਾਂ ਸਿੱਕਿਆਂ ਤੇ ਅਰਬੀ ਲਿੱਪੀ ਦੇ ਅੱਖਰ ਹਨ। ਸਿੱਕੇ 1000 ਤੋਂ 1200 ਸਾਲ ਪੁਰਾਣੇ ਹਨ। ਉਨ੍ਹਾਂ ਦੱਸਿਆ ਕਿ 7 ਫੁੱਟ ਦੀ ਡੂੰਘਾਈ ਤੇ ਉਨ੍ਹਾਂ ਨੂੰ ਇੱਕ ਤਾਂਬੇ ਦਾ ਭਾਂਡਾ ਮਿਲਿਆ।


ਜਦੋਂ ਇਸਨੂੰ ਖੋਲ੍ਹਿਆ ਗਿਆ ਤਾਂ ਇਸ ਵਿੱਚ ਸੋਨੇ ਦੇ ਸਿੱਕੇ ਮਿਲੇ। ਮੰਦਰ ਪ੍ਰਸ਼ਾਸਨ ਨੇ ਸਿੱਕਿਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਸਿੱਕਿਆਂ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਬਰਾਮਦ ਹੋਏ ਸਿੱਕਿਆਂ ਨੂੰ ਅਗਲੇਰੀ ਜਾਂਚ ਲਈ ਖਜ਼ਾਨੇ ਵਿੱਚ ਰੱਖਿਆ ਗਿਆ ਹੈ। ਸਿੱਕਿਆਂ ਦੀ ਸਰਕੁਲੇਸ਼ਨ ਪੀਰੀਅਡ ਬਾਰੇ ਜਾਣਕਾਰੀ ਲਈ ਰਾਜ ਦੇ ਪੁਰਾਤੱਤਵ ਵਿਭਾਗ ਨੂੰ ਦਿੱਤੀ ਗਈ ਹੈ।