ਸਿਰ ਤੋਂ ਪੈਰ ਤੱਕ ਟੈਟੂ ਬਣਾਉਣ ਵਾਲੇ ਜੋੜੇ ਦੇ ਨਾਮ ਗਿਨੀਜ਼ ਰਿਕਾਰਡ
ਏਬੀਪੀ ਸਾਂਝਾ | 12 Sep 2016 05:22 PM (IST)
ਵਾਸ਼ਿੰਗਟਨ : ਸਰੀਰ 'ਤੇ ਟੈਟੂ ਬਣਾਉਣ ਦਾ ਸ਼ੌਂਕ ਨੌਜਵਾਨਾਂ 'ਚ ਹੀ ਨਹੀਂ ਬਲਕਿ ਅਧਖੜ ਉਮਰ ਦੇ ਲੋਕਾਂ 'ਚ ਵੀ ਦੇਖਿਆ ਜਾਂਦਾ ਹੈ। ਇਸ ਨੂੰ ਅਮਰੀਕਾ ਦੇ ਇਕ ਬਜ਼ੁਰਗ ਜੋੜੇ ਨੇ ਸਾਬਤ ਕਰ ਦਿੱਤਾ ਹੈ। ਉਨ੍ਹਾਂ ਨੇ ਸਿਰ ਤੋਂ ਪੈਰ ਤੱਕ ਇੰਨੇ ਟੈਟੂ ਬਣਵਾ ਲਏ ਕਿ ਉਹ ਸਭ ਤੋਂ ਵੱਧ ਟੈਟੂ ਬਣਾਉਣ ਵਾਲੇ ਨਾਗਰਿਕ ਬਣ ਗਏ ਹਨ। ਇਸ ਜੋੜੇ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਬੁੱਕ 'ਚ ਦਰਜ ਕੀਤਾ ਗਿਆ ਹੈ। ਫਲੋਰੀਡਾ ਦੇ ਚਾਰਲਸ ਹੇਲਮਕੇ ਨੂੰ ਹਾਲ ਹੀ 'ਚ ਗਿਨੀਜ਼ ਵਰਲਡ ਰਿਕਾਰਡ ਵੱਲੋਂ ਸਭ ਤੋਂ ਵੱਧ ਟੈਟੂ ਬਣਾਉਣ ਵਾਲੇ ਵੱਡੀ ਉਮਰ ਦੇ ਨਾਗਰਿਕ (ਪੁਰਸ਼) ਵਜੋਂ ਮਾਨਤਾ ਮਿਲੀ ਸੀ। ਹੁਣ ਉਨ੍ਹਾਂ ਦੀ ਪਤਨੀ ਸ਼ਾਰਲੋਟ ਗੁਟੇਨਬਰਗ ਨੇ ਵੀ ਮਹਿਲਾ ਵਰਗ 'ਚ ਅਜਿਹਾ ਰਿਕਾਰਡ ਬਣਾ ਦਿੱਤਾ ਹੈ। ਪੇਸ਼ੇ ਤੋਂ ਲੇਖਕ ਤੇ ਟਰੇਨਰ ਸ਼ਾਰਲੋਟ ਦੇ ਸਰੀਰ ਦੇ 91.5 ਫ਼ੀਸਦੀ ਹਿੱਸੇ 'ਤੇ ਰੰਗ ਬਿਰੰਗੇ ਟੈਟੂ ਬਣੇ ਹੋਏ ਹਨ। ਟੈਟੂ ਦਾ ਰਿਕਾਰਡ ਬਣਾਉਣ ਦੀ ਉਨ੍ਹਾਂ ਦੀ ਇਹ ਕਹਾਣੀ ਇਕ ਦਹਾਕਾ ਪਹਿਲਾਂ ਸ਼ੁਰੂ ਹੋਈ ਸੀ। ਉਨ੍ਹਾਂ ਨੇ 2006 'ਚ ਪਹਿਲਾ ਟੈਟੂ ਬਣਵਾਇਆ ਸੀ। ਗਿਨੀਜ਼ ਨੇ ਦੱਸਿਆ ਕਿ ਸ਼ਾਰਲੋਟ ਦੇ ਪਤੀ ਦੇ ਸਰੀਰ ਦੇ 93.75 ਫ਼ੀਸਦੀ ਹਿੱਸੇ 'ਤੇ ਟੈਟੂ ਹਨ। ਉਨ੍ਹਾਂ ਨੇ ਪਹਿਲਾ ਟੈਟੂ 1959 'ਚ ਬਣਾਇਆ ਸੀ ਜਦੋਂ ਉਹ ਅਮਰੀਕੀ ਫ਼ੌਜ 'ਚ ਸਨ।