ਕੇਜਰੀਵਾਲ ਦੇ ਦੋ ਵਿਧਾਇਕਾਂ 'ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ
ਏਬੀਪੀ ਸਾਂਝਾ | 12 Sep 2016 02:21 PM (IST)
ਨਵੀਂ ਦਿੱਲੀ: ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਉੱਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਮਹਿਲਾ ਨਾਲ ਛੇੜਖ਼ਾਨੀ ਦੇ ਮਾਮਲੇ ਵਿੱਚ ਘਿਰੇ ਓਖਲਾ ਤੋਂ ਵਿਧਾਇਕ ਅਮਾਨਤਉਲ੍ਹਾ ਖ਼ਾਨ ਖ਼ਿਲਾਫ਼ ਐਫ.ਆਈ.ਆਰ. ਦਰਜ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਣ ਦਾ ਕੇਸ ਮਾਲਵੀਆ ਨਗਰ ਤੋਂ ਵਿਧਾਇਕ ਸੋਮਨਾਥ ਭਾਰਤੀ ਖ਼ਿਲਾਫ਼ ਵੀ ਦਰਜ ਹੋਇਆ ਹੈ। ਵਿਧਾਇਕ ਅਮਾਨਤਉਲ੍ਹਾ ਖ਼ਾਨ ਉੱਤੇ ਸਾਲੇ ਦੀ ਪਤਨੀ ਨਾਲ ਛੇੜਖ਼ਾਨੀ ਕਰਨ ਦਾ ਦੋਸ਼ ਲੱਗਾ ਹੈ। ਇਸ ਤੋਂ ਬਾਅਦ ਵਿਧਾਇਕ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਸਦੀਆ ਨੇ ਉਨ੍ਹਾਂ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਹੈ। ਦੂਜੇ ਪਾਸੇ ਵਿਧਾਇਕ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ। ਖ਼ਾਨ ਨੇ ਆਖਿਆ ਹੈ ਕਿ ਉਨ੍ਹਾਂ ਦੇ ਸਾਲੇ ਦੀ ਪਤਨੀ ਨੇ ਗ਼ਲਤ ਇਲਜ਼ਾਮ ਲਾਏ ਹਨ ਕਿਉਂਕਿ ਉਨ੍ਹਾਂ ਦੇ ਸਾਲੇ ਦਾ ਆਪਣੀ ਪਤਨੀ ਨਾਲ ਪਿਛਲੇ ਚਾਰ ਸਾਲ ਤੋਂ ਕੋਈ ਰਿਸ਼ਤਾ ਨਹੀਂ ਹੈ। ਨਾ ਹੀ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਹੈ। ਹਾਲਾਂਕਿ ਇਲਜ਼ਾਮ ਲਾਉਣ ਵਾਲੀ ਮਹਿਲਾ ਦੇ ਪਰਿਵਾਰ ਦੇ ਇੱਕ ਮੈਂਬਰ ਵੱਲੋਂ ਇਸ ਮਾਮਲੇ ਵਿੱਚ ਵਿਧਾਇਕ ਖ਼ਿਲਾਫ਼ ਸਬੂਤ 'ਤੇ ਤੌਰ ‘ਤੇ ਸੀ.ਡੀ. ਦਿੱਤੀ ਗਈ ਹੈ।