ਨਵੀਂ ਦਿੱਲੀ: ਅਫ਼ਰੀਕੀ ਦੇਸ਼ ਇਥੋਪੀਆ ਦੇ ਪਹਾੜਾਂ ’ਤੇ ਰਹਿਣ ਵਾਲੀ ਮਮਿਤੂ ਗਾਸ਼ੇ 16 ਸਾਲਾਂ ਦੀ ਉਮਰ ਵਿੱਚ ਗਰਭਵਤੀ ਸੀ। ਪੜ੍ਹਨ-ਲਿਖਣ ਦੇ ਮਾਮਲੇ ’ਚ ਪੂਰੀ ਤਰ੍ਹਾਂ ਕੋਰੀ ਮਮਿਤੂ ਪਹਾੜੀ ਪਿੰਡਾਂ ਵਿੱਚ ਮਜ਼ਦੂਰੀ ਕਰਨ ਜਾਂਦੀ ਸੀ। ਆਪਣੇ ਗਰਭ ਕਾਲ ਦੌਰਾਨ ਚਾਰ ਦਿਨਾਂ ਤੱਕ ਅਥਾਹ ਦਰਦ ਝੱਲਣ ਦੇ ਬਾਵਜੂਦ ਮਮਿਤੂ ਦਾ ਬੱਚਾ ਬਚ ਨਹੀਂ ਸਕਿਆ। ਬੱਚਾ ਤਾਂ ਚਲਾ ਗਿਆ ਪਰ ਮਮਿਤੂ ਦੇ ਸਰੀਰ ਵਿੱਚ ਰਹਿ ਗਏ ਭਿਆਨਕ ਜ਼ਖ਼ਮ; ਭਾਵ ‘ਔਬਸਟੈਟ੍ਰਿਕ ਫ਼ਿਸਟੁਲਾ’। ਇਹ ਇੱਕ ਅਜਿਹੀ ਬੀਮਾਰੀ ਹੁੰਦੀ ਹੈ, ਜਿਸ ਵਿੱਚ ਯੋਨੀ ਤੇ ਗੁਦਾ ਵਿਚਾਲੇ ਨਿੱਕੇ-ਨਿੱਕੇ ਸੁਰਾਖ਼ ਹੋ ਜਾਂਦੀ ਹੈ। ਉੱਥੋਂ ਮਲ ਮੂਤਰ ਬੇਰੋਕ ਰਿੱਸਦਾ ਰਹਿੰਦਾ ਹੈ।


ਦਰਦ ਤੇ ਤਿੱਖੀ ਬਦਬੂ ਕਾਰ ਜ਼ਿੰਦਗੀ ਬਦ ਤੋਂ ਬਦਤਰ ਬਣ ਜਾਂਦੀ ਹੈ। ਨਰਕ ਬਣ ਚੁੱਕੀ ਜ਼ਿੰਦਗੀ ਕਰਕੇ ਮਮਿਤੂ ਨੂੰ ਉਸ ਦੀ ਕਿਸਮਤ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਲੈ ਆਈ। ਉੱਥੇ ਆਸਟ੍ਰੇਲੀਆ ਦੇ ਮਹਾਨ ਲੇਡੀ ਡਾਕਟਰ ਕੈਥਰੀਨ ਹੈਮਲਿਨ ਨੇ ਉਨ੍ਹਾਂ ਦਾ ਇਲਾਜ ਕੀਤਾ। ਮਮਿਤੂ ਠੀਕ ਹੋ ਗਈ ਤੇ ਡਾ. ਕੈਥਰੀਨ ਉਨ੍ਹਾਂ ਦੀ ਮਾਰਗ-ਦਰਸ਼ਕ, ਸਰੋਗੇਟ ਮਾਂ ਤੇ ਸਦਾ ਲਈ ਦੋਸਤ ਬਣ ਗਈ। ਮਮਿਤੂ ਦੇ ਦਾ ਫ਼ਿਸਟੁਲਾ ਇੰਨਾ ਜ਼ਿਆਦਾ ਸੀ ਕਿ 10 ਆਪਰੇਸ਼ਨਾਂ ਦੇ ਬਾਵਜੂਦ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੀ।

ਡਾ. ਕੈਥਰੀਨ ਤੇ ਉਨ੍ਹਾਂ ਦੇ ਪਤੀ ਨੇ ਔਰਤਾਂ ਲਈ ਬਦਅਸੀਸ ਬਣੀ ਇਸ ਬੀਮਾਰੀ ਨੂੰ ਵੇਖ ਕੇ ਇਥੋਪੀਆ ’ਚ ਫਿਸਟੁਲਾ ਹਸਪਤਾਲ ਖੋਲ੍ਹਿਆ। ਡਾ. ਕੈਥਰੀਨ ਆਪਰੇਸ਼ਨ ਥੀਏਟਰ ਵਿੱਚ ਵੀ ਮਮਿਤੂ ਨੂੰ ਲੈ ਕੇ ਜਾਣ ਲੱਗੇ। ਉਨ੍ਹਾਂ ਦੀ ਲਗਨ ਵੇਖ ਕੇ ਕੈਥਰੀਨ ਨੇ ਉਨ੍ਹਾਂ ਨੂੰ ਇਲਾਜ ਕਰਨਾ ਸਿਖਾਉਣਾ ਸ਼ੁਰੂ ਕਰ ਦਿੱਤਾ। ਕਈ ਵਾਰ ਕੈਥਰੀਨ ਨੇ ਹੱਥ ਫੜ ਕੇ ਆਪਰੇਸ਼ਨ ਕਰਨਾ ਵੀ ਸਿਖਾਇਆ।

ਇਸੇ ਅਭਿਆਸ ਨਾਲ ਮਮਿਤੂ ਇਥੋਪੀਆ ’ਚ ਫਿਸਟੁਲਾ ਦੇ ਟੌਪ ਸਰਜਨ ਬਣ ਚੁੱਕੇ ਹਨ। ਆਪਣੇ ਵਰਗੀਆਂ ਬੀਮਾਰ ਔਰਤਾਂ ਨੂੰ ਬਚਾਉਣ ਦੇ ਸੰਕਲਪ ਨੇ ਅਨਪੜ੍ਹ ਮਮਿਤੂ ਗਾਸ਼ੇ ਨੂੰ ‘ਫ਼ਿਊਚਰ ਆਫ਼ ਅਫ਼ਰੀਕਨ ਮੈਡੀਸਨ’ ਬਣਾ ਦਿੱਤਾ। ਮਮਿਤੂ ਨੂੰ 1989 ਵਿੱਚ ਲੰਦਨ ਦੇ ਰਾਇਲ ਕਾਲਜ ਆਫ਼ ਸਰਜਨ ਨੇ ਸਰਜਰੀ ਲਈ ਸੋਨ-ਤਮਗ਼ਾ ਦੇ ਕੇ ਸਨਮਾਨਿਤ ਕੀਤਾ। ਉਧਰ ਬੀਬੀਸੀ ਨੇ 2018 ਦੀ ਵੱਕਾਰੀ ‘100 ਔਰਤਾਂ ਦੀ ਸੂਚੀ’ ਵਿੱਚ ਮਮਿਤੂ ਨੂੰ 32ਵੇਂ ਸਥਾਨ ਉੱਤੇ ਰੱਖਿਆ। ਮਰੀਜ਼ਾਂ ਦੀ ਜ਼ਰੂਰਤ ਨੂੰ ਵੇਖ ਕੇ 73 ਸਾਲਾਂ ਦੀ ਉਮਰ ਵਿੱਚ ਵੀ ਉਹ ਆਪਰੇਸ਼ਨ ਥੀਏਟਰ ’ਚ ਮੌਜੂਦ ਰਹਿੰਦੇ ਹਨ।

ਮਮਿਤੂ ਇੱਕ ਅਜਿਹੇ ਗਰੁੱਪ ਦਾ ਹਿੱਸਾ ਹਨ, ਜਿਸ ਨੂੰ ਪਿਆਰ ਨਾਲ ਲੋਕ ‘ਬੇਅਰਫ਼ੁੱਟ ਸਰਜਨ’ ਵੀ ਕਹਿੰਦੇ ਹਨ। ਇਸ ਦੇ ਮੈਂਬਰ ਬਿਨਾ ਕਿਸੇ ਰਸਮੀ ਸਿਖਲਾਈ ਦੇ ਆਪਰੇਸ਼ਨ ਕਰਦੇ ਹਨ। ਉਹ ਇੱਕ ਖੇਤਰ ਦੇ ਮਾਹਿਰ ਹੁੰਦੇ ਹਨ, ਜੋ ਕੁਦਰਤੀ ਹੁਨਰ ਤੇ ਵੇਖ-ਵੇਖ ਕੇ ਇਲਾਜ ਕਰਨਾਂ ਸਿੱਖੇ ਹੁੰਦੇ ਹਨ। ਕੌਮਾਂਤਰੀ ਮੈਡੀਕਲ ਭਾਈਚਾਰੇ ਤੋਂ ਵੀ ਉਨ੍ਹਾਂ ਨੂੰ ਮਾਨਤਾ ਤੇ ਸ਼ਲਾਘਾ ਮਿਲੀ ਹੋਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904