ਪੇਇਚਿੰਗ: ਜਿਵੇਂ ਭਾਰਤ ਦੀ ਚਾਹ, ਅਮਰੀਕਾ ਦਾ ਕੋਕਾ ਕੋਲਾ, ਰੂਸ ਦੀ ਵੋਦਕਾ ਪੂਰੀ ਤਰ੍ਹਾਂ ਦੁਨੀਆ ’ਚ ਮਸ਼ਹੂਰ ਹਨ; ਬਿਲਕੁਲ ਉਵੇਂ ਹੀ ਚੀਨ ਦੀ ‘ਮਾਓਤਾਈ’ (Maotai) ਸ਼ਰਾਬ ਵੀ ਉੱਥੋਂ ਦੀ ਸ਼ਾਨ ਹੈ। ਚੀਨ ਵਿੱਚ ‘ਮਾਓਤਾਈ’ ਸ਼ਰਾਬ ਦਾ ਇਤਿਹਾਸ 2,155 ਸਾਲ ਪੁਰਾਣਾ ਹੈ; ਜਦੋਂ ਚੀਨ ਦੇ ਸਮਰਾਟ ਵੂ ਨੂੰ ਦੱਖਣ-ਪੱਛਮੀ ਚੀਨ ਦੇ ਕਵੇਚੋਊ ਸੂਬੇ ਦੀ ਇਸ ਸ਼ਰਾਬ ਦੇ ਵਿਲੱਖਣ ਸੁਆਦ ਦਾ ਪਤਾ ਲੱਗਾ ਸੀ। ‘ਮਾਓਤਾਈ’ ਚੀਨ ਦੇ ਕਵੇਚੋਊ ਰਾਜ ਦਾ ਕਸਬਾ ਹੈ; ਜਿੱਥੇ ਜੁਆਰ ਤੇ ਕਣਕ ਤੋਂ ਇਸ ਚੀਨੀ ਵਾਈਨ ‘ਮਾਓਤਾਈ’ ਦਾ ਉਤਪਾਦਨ ਹੁੰਦਾ ਹੈ। ਇਹ ਚੀਨ ਦੀ ਸਭ ਤੋਂ ਮਹਿੰਗੀ ਸ਼ਰਾਬ ਹੈ। ਇਸ ਵਿੱਚ ਅਲਕੋਹਲ ਦੀ ਮਾਤਰਾ 53 ਫ਼ੀਸਦੀ ਹੁੰਦੀ ਹੈ। ਚੀਨੀ ਲੋਕਾਂ ਨੂੰ ਇਸ ਉੱਤੇ ਮਾਣ ਹੈ ਤੇ ਇਸ ਨੂੰ ਚੀਨ ਦੀ ‘ਰਾਸ਼ਟਰੀ ਸ਼ਰਾਬ’ ਦਾ ਦਰਜਾ ਵੀ ਹਾਸਲ ਹੈ। ‘ਮਾਓਤਾਈ’ ਸ਼ਰਾਬ ਦਾ ਸੁਆਦ ਥੋੜ੍ਹਾ ਤੇਜ਼ ਕੁਝ ਵੋਡਕਾ ਜਿਹਾ ਹੁੰਦਾ ਹੈ ਪਰ ਅੰਗੂਰ ਦੀ ਸ਼ਰਾਬ ਤੋਂ ਬਿਲਕੁਲ ਵੱਖਰੀ ਕਿਸਮ ਦਾ ਹੁੰਦਾ ਹੈ। ਇਸ ਦੀ ਮਹਿਕ ਹੀ ਕਈਆਂ ਨੂੰ ਨਸ਼ੀਲਾ ਬਣਾ ਦਿੰਦੀ ਹੈ। ਆਮ ਤੌਰ ਉੱਤੇ ਇਸ ਸ਼ਰਾਬ ਨੂੰ ਵਿਆਹਾਂ, ਜਨਮ ਦਿਨਾਂ, ਵਪਾਰਕ ਸੌਦੇਬਾਜ਼ੀਆਂ ਜਾਂ ਚੀਨੀ ਤਿਉਹਾਰਾਂ ਮੌਕੇ ਵਰਤਿਆ ਜਾਂਦਾ ਹੈ। ਚੀਨ ’ਚ ਮਹਿਮਾਨ ਨੂੰ ਇਹ ਸ਼ਰਾਬ ਪਰੋਸਣ ਦਾ ਵੀ ਰਿਵਾਜ ਹੈ ਤੇ ਇਹ ਆਦਰ-ਸਤਿਕਾਰ ਦੀ ਸੂਚਕ ਹੈ। ‘ਮਾਓਤਾਈ’ ਕਸਬੇ ਦੇ 1578 ਪਿੰਡ ਜੁਆਰ ਤੇ ਕਣਕ ਨਾਲ ਇਹ ਸ਼ਰਾਬ ਬਣਾਉਂਦੇ ਹਨ। ਲਗਪਗ 70,000 ਕਿਸਾਨ ਤੇ 20,000 ਮਜ਼ਦੂਰ ਮਿਲ ਕੇ ਇਹਾ ਸ਼ਰਾਬ ਤਿਆਰ ਕਰਦੇ ਹਨ। ‘ਮਾਓਤਾਈ’ ਸ਼ਹਿਰ ਦੇ 80 ਫ਼ੀਸਦੀ ਲੋਕਾਂ ਦੀ ਆਮਦਨ ਇਸੇ ਸ਼ਰਾਬ ਦੇ ਉਤਪਾਦਨ ਉੱਤੇ ਹੀ ਨਿਰਭਰ ਹੈ।