ਲੰਡਨ- ਮਸ਼ੀਨਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਬਾਰੇ ਮਹਾਨ ਬ੍ਰਿਟਿਸ਼ ਵਿਗਿਆਨੀ ਸਟੀਫਨ ਹਾਕਿੰਗ ਨੇ ਦੁਨੀਆ ਨੂੰ ਸਾਵਧਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਸਭ ਚੰਗਿਆਈਆਂ ਦੇ ਬਾਵਜੂਦ ਮਸ਼ੀਨਾਂ ਨੂੰ ਬੁੱਧੀ ਦੇਣਾ ਮਨੁੱਖੀ ਇਤਿਹਾਸ ਦੀ ਸਭ ਤੋਂ ਬੁਰੀ ਘਟਨਾ ਹੋ ਸਕਦੀ ਹੈ। ਅਜਿਹਾ ਹੋਇਆ ਤਾਂ ਮਨੁੱਖ ਆਪਣੀ ਬਰਬਾਦੀ ਦਾ ਹਿੱਸਾ ਬਣਾਉਣ ਵਾਲਾ ਜੀਵ ਬਣ ਜਾਏਗਾ। ਹਾਕਿੰਗ ਬ੍ਰਿਟੇਨ ਦੀ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਲਿਵਰਹਮ ਸੈਂਟਰ ਫਾਰ ਦਿ ਫਿਊਚਰ ਆਫ ਇੰਟੈਲੀਜੈਂਸ ਦੇ ਉਦਘਾਟਨ ਦੇ ਮੌਕੇ ਉੱਤੇ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਅੱਜ ਦੀ ਤਰੀਕ ਵਿੱਚ ਮਨੁੱਖ ਦੇ ਦਿਮਾਗ ਤੇ ਕੰਪਿਊਟਰ ਵਿੱਚ ਬਹੁਤ ਫਰਕ ਨਹੀਂ ਰਹਿ ਗਿਆ। ਏ ਆਈ ਇਸੇ ਕੜੀ ਦੀ ਚੀਜ਼ ਹੈ। ਮੈਂ ਮੰਨਦਾ ਹਾਂ ਕਿ ਇਹ ਮਨੁੱਖੀ ਸਭਿਅਤਾ ਦੀ ਸਭ ਤੋਂ ਵੱਡੀ ਕਾਮਯਾਬੀ ਹੋ ਸਕਦੀ ਹੈ, ਪ੍ਰੰਤੂ ਜੇ ਇਸ ਦੇ ਖਤਰਿਆਂ ਨਾਲ ਨਿਪਟਣ ਦੇ ਤਰੀਕੇ ਨਹੀਂ ਸਮਝੇ ਗਏ ਤਾਂ ਇਹ ਆਖਰੀ ਪ੍ਰਾਪਤੀ ਬਣ ਕੇ ਰਹਿ ਜਾਏਗੀ।’ ਏ ਆਈ ਦੇ ਮਾੜੇ ਪ੍ਰਭਾਵ ਬਾਰੇ ਹਾਕਿੰਗ ਨੇ ਕਿਹਾ, ‘ਇਸ ਨਾਲ ਸ਼ਕਤੀਸ਼ਾਲੀ ਆਪਣੇ ਚੱਲਣ ਵਾਲੇ ਹਥਿਆਰ ਬਣਾਏ ਜਾ ਸਕਦੇ ਹਨ। ਮਸ਼ੀਨਾਂ ਦੀ ਸੋਚ ਮਨੱਖ ਦੀ ਸੋਚ ਨਾਲ ਟਕਰਾ ਸਕਦੀ ਹੈ, ਜਿਸ ਤੋਂ ਭਿਆਨਕ ਸਥਿਤੀ ਪੈਦਾ ਹੋ ਜਾਏਗੀ। ਇਸ ਲਈ ਦੋ ਸਾਲ ਪਹਿਲਾਂ ਮੈਂ ਤੇ ਕਈ ਹੋਰ ਲੋਕਾਂ ਨੇ ਇਸ ਉੱਤੇ ਵਿਸਥਾਰਤ ਖੋਜ ਦੀ ਜ਼ਰੂਰਤ ਦੱਸੀ ਸੀ।’