ਸਰਹੱਦ ਨੇੜੇ ਤੋਂ ਪਾਕਿਸਤਾਨੀ ਜਾਸੂਸ ਕਾਬੂ
ਏਬੀਪੀ ਸਾਂਝਾ | 22 Oct 2016 02:53 PM (IST)
ਜੰਮੂ : ਇੱਥੋਂ ਦੇ ਸਾਂਬਾ ਸੈਕਟਰ ਵਿਚੋਂ ਭਾਰਤੀ ਸੈਨਾ ਨੇ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਜਾਸੂਸ ਦਾ ਨਾਮ ਬੋਧ ਰਾਜ ਹੈ ਅਤੇ ਉਸ ਕੋਲੋਂ ਪਾਕਿਸਤਾਨ ਦੇ ਦੋ ਸਿੰਮ ਅਤੇ ਸੈਨਾ ਦੀ ਤੈਨਾਤੀ ਦੇ ਨਕਸ਼ੇ ਬਰਾਮਦ ਕੀਤੇ ਗਏ ਹਨ। ਸਾਂਬਾ ਦੇ ਪੁਲਿਸ ਕਮਿਸ਼ਨਰ ਜੋਗਿੰਦਰ ਸਿੰਘ ਨੇ ਆਖਿਆ ਹੈ ਕਿ ਸੈਨਾ ਦੀ ਖ਼ੁਫ਼ੀਆ ਇਕਾਈ ਤੋਂ ਜੰਮੂ ਜ਼ਿਲ੍ਹੇ ਦੇ ਚੰਗੀਆਂ ਪਿੰਡ ਦੇ ਰਹਿਣ ਵਾਲੇ ਬੋਧ ਰਾਜ ਨਾਮਕ ਵਿਅਕਤੀ ਦੇ ਜਾਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਸੁਰੱਖਿਆ ਬਲਾਂ ਦੀ ਤੈਨਾਤੀ ਸਬੰਧੀ ਮਹੱਤਵਪੂਰਨ ਜਾਣਕਾਰੀ ਦੇਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਗ੍ਰਿਫ਼ਤਾਰੀ ਤੋਂ ਪਹਿਲਾਂ ਬੋਧ ਰਾਜ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਵੀ ਕੀਤੀ ਪਰ ਸੁਰੱਖਿਆ ਬਲਾਂ ਨੇ ਉਸ ਦਾ ਪਿੱਛਾ ਕਰ ਕੇ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਕਸ਼ਮੀਰ ਦੇ ਫ਼ਾਰਮੂਲਾ ਤੋਂ ਜੈਸ਼-ਏ-ਮੁਹੰਮਦ ਦੇ ਦੋ ਦਹਿਸ਼ਤਗਰਦਾਂ ਨੂੰ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਦੂਜੇ ਪਾਸੇ ਪਾਕਿਸਤਾਨ ਵੱਲੋਂ ਦੂਜੇ ਦਿਨ ਵੀ ਸਾਂਬਾ ਸੈਕਟਰ ਵਿੱਚ ਗੋਲੀਬਾਰੀ ਜਾਰੀ ਹੈ। ਇਸ ਨੂੰ ਦੇਖਦੇ ਹੋਏ ਜੰਮੂ ਦੇ ਸੀਮਾ ਨਾਲ ਲੱਗਦੇ ਇਲਾਕਿਆਂ ਦੇ ਸਕੂਲ ਬੰਦ ਕਰਵਾ ਦਿੱਤੇ ਹਨ। ਗੋਲੀਬਾਰੀ ਨੂੰ ਦੇਖਦੇ ਹੋਏ ਸੀਮਾ ਨਾਲ ਲੱਗਦੇ ਇਲਾਕਿਆਂ ਵਿਚੋਂ ਲੋਕਾਂ ਨੇ ਸੁਰੱਖਿਅਤ ਥਾਵਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ।