BSF ਨੇ ਦਿੱਤਾ ਪਾਕਿ ਨੂੰ ਮੂੰਹ ਤੋੜ ਜਵਾਬ,7 ਰੇਂਜਰਸ ਕੀਤੇ ਢੇਰ
ਏਬੀਪੀ ਸਾਂਝਾ | 22 Oct 2016 11:04 AM (IST)
ਜੰਮੂ : ਬੀਐਸਐਫ਼ ਨੇ ਕੌਮਾਂਤਰੀ ਸਰਹੱਦ ਉੱਤੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੋਲੀਬੰਦੀ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਭਾਰਤ ਨੇ ਜਵਾਬੀ ਕਾਰਵਾਈ ਵਿੱਚ ਸੱਤ ਪਾਕਿਸਤਾਨੀ ਰੇਂਜਰਜ਼ ਅਤੇ ਇੱਕ ਦਹਿਸ਼ਤਗਰਦ ਨੂੰ ਮਾਰ ਮੁਕਾਇਆ। ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਸਰਹੱਦ ਉੱਤੇ ਵਾਪਰੀ ਇਸ ਘਟਨਾ ਦੌਰਾਨ ਬੀਐਸਐਫ਼ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਬੀਐਸਐਫ਼ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਕਠੂਆ ਜ਼ਿਲ੍ਹੇ ’ਚ ਹੀਰਾ ਨਗਰ ਸਥਿਤ ਸਰਹੱਦੀ ਚੌਕੀਆਂ ਉੱਤੇ ਫਾਇਰਿੰਗ ਕਰਨੀ ਕਰਨੀ ਸ਼ੁਰੂ ਕਰ ਦਿੱਤੀ। ਭਾਰਤੀ ਦਸਤਿਆਂ ਨੇ ਵੀ ਇਸ ਦਾ ਕਰਾਰਾ ਜਵਾਬ ਦਿੱਤਾ, ਜਿਸ ਦੌਰਾਨ ਸੱਤ ਰੇਂਜਰ ਅਤੇ ਇੱਕ ਅਤਿਵਾਦੀ ਮਾਰਿਆ ਗਿਆ। ਜਾਣਕਾਰੀ ਮੁਤਾਬਿਕ ਇਨ੍ਹਾਂ ਮੌਤਾਂ ਦੀ ਪਾਕਿਸਤਾਨੀ ਮੀਡੀਆ ਨੇ ਵੀ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਪਾਕਿਸਤਾਨ ਦੀ ਫ਼ੌਜ ਨੇ ਕਿਹਾ ਹੈ ਕਿ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਬੀਐਸਐਫ਼ ਦਾ ਇੱਕ ਜਵਾਨ ਗੁਰਨਾਮ ਸਿੰਘ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਦੌਰਾਨ ਭਾਰਤੀ ਫ਼ੌਜ ਨੇ ਜੰਮੂ ਖ਼ਿੱਤੇ ਦੇ ਪੁਣਛ ਸੈਕਟਰ ਵਿੱਚ ਹਥਿਆਰਬੰਦ ਦਹਿਸ਼ਤਗਰਦਾਂ ਦੀ ਭਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।