ਅਮਰੀਕੀ ਮਹਿਲਾ ਨੇ ਇੰਟਰਨੈੱਟ ਤੋਂ ਸਿੱਖ ਖ਼ੁਦ ਹੀ ਕੀਤੀ ਆਪਣੀ ਡਿਲੀਵਰੀ
ਏਬੀਪੀ ਸਾਂਝਾ | 27 Apr 2018 04:34 PM (IST)
ਨਵੀਂ ਦਿੱਲੀ: ਅਮਰੀਕਾ ਦੀ ਇੱਕ ਔਰਤ ਨੇ ਇੰਟਰਨੈੱਟ ਦੀ ਸਹਾਇਤਾ ਨਾਲ ਆਪਣਾ ਜਣੇਪਾ ਖ਼ੁਦ ਕਰਨ ਦਾ ਦਾਅਵਾ ਕੀਤਾ ਹੈ। ਪਹਿਲੀ ਵਾਰ ਮਾਂ ਬਣੀ 22 ਸਾਲਾ ਟੀਆ ਫ੍ਰੀਮੈਨ ਦਾ ਕਹਿਣਾ ਹੈ ਕਿ ਉਸ ਨੇ ਯੂਟਿਊਬ ਟਿਊਟੋਰੀਅਲਜ਼ ਤੋਂ ਇਹ ਸਿੱਖਿਆ ਹਾਸਲ ਕੀਤੀ। ਦਰਅਸਲ, ਟੀਆ ਜਦ ਜਰਮਨੀ ਜਾ ਰਹੀ ਸੀ ਤਾਂ ਉਸ ਨੂੰ ਫਲਾਈਟ ਦੌਰਾਨ ਹੀ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ। ਉਸ ਨੇ ਦੱਸਿਆ ਕਿ ਉਹ ਬੜੀ ਮੁਸ਼ਕਲ ਨਾਲ ਟਰਕੀ ਦੇ ਹੋਟਲ ਵਿੱਚ ਪਹੁੰਚੀ। ਉੱਥੇ ਪਹੁੰਚ ਕੇ ਉਸ ਨੇ ਫੈਸਲਾ ਕੀਤਾ ਕਿ ਜੋ ਉਸ ਨੇ ਗਰਭਅਵਸਥਾ ਦੌਰਾਨ ਇੰਟਰਨੈੱਟ 'ਤੇ ਵੇਖਿਆ, ਉਸ ਦੀ ਵਰਤੋਂ ਕਰਨ ਦਾ ਸਮਾਂ ਇਹੀ ਹੈ। ਟੀਆ ਨੇ ਯੂਟਿਊਬ ਵਿੱਚ ਦਿਖਾਏ ਮੁਤਾਬਕ ਬਾਥ-ਟੱਬ ਵਿੱਚ ਵਾਟਰ ਡਿਲੀਵਰੀ ਤਕਨੀਕ ਨਾਲ ਆਪਣਾ ਜਣੇਪਾ ਕਰਨ ਦੀ ਸੋਚੀ। ਉਸ ਨੇ ਹੋਟਲ ਦੇ ਕਮਰੇ ਵਾਲਾ ਟੱਬ ਪਾਣੀ ਨਾਲ ਭਰਿਆ ਤੇ ਯੂਟਿਊਬ ਵਿੱਚ ਦਿਖਾਏ ਮੁਤਾਬਕ ਕਰਨਾ ਸ਼ੁਰੂ ਕੀਤਾ। ਟੀਆ ਮੁਤਾਬਕ ਉਸ ਨੂੰ ਇੰਝ ਲੱਗ ਰਿਹਾ ਸੀ ਕਿ ਉਸ ਦਾ ਸਰੀਰ ਹੁਣ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਤੇ ਉਸ ਨੇ ਤਕਰੀਬਨ 5-6 ਵਾਰ ਜ਼ੋਰ ਲਾਇਆ ਤੇ ਬੱਚੇ ਦਾ ਸਿਰ ਬਾਹਰ ਆ ਗਿਆ। ਫਿਰ ਟਿਊਟੋਰੀਅਲ ਵਿੱਚ ਦਰਸਾਏ ਮੁਤਾਬਕ ਉਹ ਅੱਗੇ ਵਧਦੀ ਗਈ ਤੇ ਆਪਣੇ ਪੁੱਤਰ ਦਾ ਜਣੇਪਾ ਸਫ਼ਲਤਾ ਪੂਰਬਕ ਕਰ ਲਿਆ। ਇਸ ਤੋਂ ਬਾਅਦ ਸਮੱਸਿਆ ਸੀ ਕਿ ਉਹ ਆਪਣੀ ਗਰਭਨਾੜ ਨੂੰ ਆਪਣੇ ਬੱਚੇ ਤੋਂ ਕਿਵੇਂ ਵੱਖ ਕਰਦੀ। ਉਸ ਨੇ ਇਸ ਲਈ ਆਪਣੇ ਜੁੱਤੇ ਦੇ ਤਸਮੇ ਨੂੰ ਹੋਟਲ ਦੇ ਕਮਰੇ ਦੀ ਕੇਤਲੀ ਵਿੱਚ ਉਬਾਲ਼ ਕੇ ਕਿਟਾਣੂ ਮੁਕਤ ਕਰ ਲਿਆ ਤੇ ਉਸ ਨਾਲ ਆਪਣੀ ਨਾੜ ਕੱਟੀ। ਇਸ ਤੋਂ ਬਾਅਦ ਉਸ ਨੇ ਆਪਣੇ ਪੁੱਤਰ ਨੂੰ ਆਪਣਾ ਦੁੱਧ ਪਿਲਾਇਆ ਤੇ ਸੌਂ ਗਈ। ਟੀਆ ਮੁਤਾਬਕ ਉਸ ਦੇ ਹੋਟਲ ਦਾ ਕਮਰਾ ਇੰਝ ਦਿੱਸ ਰਿਹਾ ਸੀ ਜਿਵੇਂ ਕਿਸੇ ਭੂਤੀਆ ਫ਼ਿਲਮ ਦਾ ਸੀਨ ਹੋਵੇ। ਇਸ ਤੋਂ ਬਾਅਦ ਸਥਾਨਕ ਪੁਲਿਸ ਤੇ ਡਾਕਟਰਾਂ ਨੂੰ ਸੂਚਿਤ ਕੀਤਾ ਗਿਆ ਤੇ ਉਨ੍ਹਾਂ ਜੱਚਾ-ਬੱਚਾ ਦੀ ਹਾਲਤ ਦਾ ਜਾਇਜ਼ਾ ਲਿਆ। ਉਨ੍ਹਾਂ ਫਲਾਈਟ ਤੋਂ ਲੈ ਕੇ ਸਭ ਥਾਈਂ ਟੀਆ ਦੇ ਜਣੇਪਾ ਪੀੜਾਂ ਸ਼ੁਰੂ ਹੋਣ ਬਾਰੇ ਪੂਰੀ ਪੜਤਾਲ ਕੀਤੀ। ਵਾਪਸ ਅਮਰੀਕਾ ਪਰਤ ਕੇ ਉਸ ਦੇ ਨਵ ਜਨਮੇ ਪੁੱਤਰ ਜ਼ੇਵੀਅਰ ਏਟਾ ਫ੍ਰੀਮੈਨ ਨੂੰ ਵਿਦੇਸ਼ ਵਿੱਚ ਜਨਮ ਲਏ ਹੋਣ ਦਾ ਪ੍ਰਮਾਣ ਪੱਤਰ ਵੀ ਜਾਰੀ ਕੀਤਾ ਗਿਆ।