ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ (2017 ਦੀ 136 ਰੈਂਕਿੰਗ ਤੋਂ ਹੇਠ) ਵਿੱਚ ਅਕਸਰ 'ਟ੍ਰੋਲ ਸੈਨਾ' ਸੋਸ਼ਲ ਮੀਡੀਆ 'ਤੇ ਪੱਤਰਕਾਰਾਂ 'ਤੇ ਨਿਸ਼ਾਨਾ ਸਾਧਦੀ ਹੈ ਤੇ ਨਫ਼ਰਤ ਵਾਲੇ ਬਿਆਨਾਂ ਨੂੰ ਉਤਸ਼ਾਹਿਤ ਕਰਦੀ ਹੈ। ਅੱਗੇ ਕਿਹਾ ਗਿਆ ਹੈ ਕਿ ਪੱਤਰਕਾਰ ਤੇਜ਼ੀ ਨਾਲ ਕੱਟੜਵਾਦੀ ਰਾਸ਼ਟਰਵਾਦੀਆਂ ਦੀ ਆਨਲਾਈਨ ਮੁਹਿੰਮ ਦਾ ਨਿਸ਼ਾਨਾ ਬਣ ਰਹੇ ਹਨ। ਇੱਥੋਂ ਤਕ ਕਿ ਕੱਟੜ ਰਾਸ਼ਟਰਵਾਦੀ ਪੱਤਰਕਾਰਾਂ ਦਾ ਬਾਈਕਾਟ ਕਰਦੇ ਹਨ ਤੇ ਹਿੰਸਕ ਧਮਕੀਆਂ ਦਿੰਦੇ ਹਨ।
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਘੱਟੋ-ਘੱਟ ਤਿੰਨ ਪੱਤਰਕਾਰਾਂ 'ਤੇ ਉਨ੍ਹਾਂ ਦੇ ਕੰਮ ਕਾਰਨ ਹਮਲਾ ਕੀਤਾ ਗਿਆ ਹੈ। ਇਸ ਵਿੱਚ ਗੌਰੀ ਲੰਕੇਸ਼, ਜਿਨ੍ਹਾਂ ਦਾ 2017 ਵਿੱਚ ਕਤਲ ਕਰ ਦਿੱਤਾ ਗਿਆ ਸੀ, ਵੀ ਸ਼ਾਮਲ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਜ਼ਿਆਦਾ ਆਲੋਚਨਾ ਕਰਨ ਵਾਲੇ ਪੱਤਰਕਾਰਾਂ ਨੂੰ ਚੁੱਪ ਕਰਵਾਉਣ ਲਈ ਕਾਨੂੰਨ ਦਾ ਸਹਾਰਾ ਵੀ ਲੈਂਦੀ ਹੈ। ਕੁਝ ਮਾਮਲਿਆਂ ਵਿੱਚ ਤਾਂ ਧਾਰਾ 124 ਏ (ਦੇਸ਼ਧ੍ਰੋਹ) ਦਾ ਵੀ ਹਵਾਲਾ ਦਿੱਤਾ ਗਿਆ, ਜਿਸ ਤਹਿਤ ਉਮਰ ਕੈਦ ਦੀ ਸਜ਼ਾ ਹੈ।
ਹਾਲਾਂਕਿ, ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹੁਣ ਤਕ ਕਿਸੇ ਵੀ ਪੱਤਰਕਾਰ ਨੂੰ ਰਾਜਧ੍ਰੋਹ ਦਾ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ ਹੈ, ਪਰ ਇਸ ਖ਼ਤਰੇ ਨਾਲ 'ਕਾਬੂ ਵਿੱਚ ਰਹਿਣ' ਨੂੰ ਬਲ ਮਿਲਦਾ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਸ਼ਮੀਰੀ ਪੱਤਰਕਾਰ ਅਕਸਰ ਕੇਂਦਰ ਸਰਕਾਰ ਦੀ ਮੌਨ ਸਹਿਮਤੀ ਨਾਲ ਕੰਮ ਕਰ ਰਹੇ ਫ਼ੌਜੀਆਂ ਦੀ ਹਿੰਸਾ ਦਾ ਨਿਸ਼ਾਨਾ ਬਣਦੇ ਹਨ।
ਰਿਪੋਰਟਰਜ਼ ਵਿਦਾਊਟ ਬਾਰਡਰਜ਼ ਨੇ ਚੇਤਾਵਨੀ ਦਿੱਤੀ ਹੈ ਕਿ ਮੀਡੀਆ ਪ੍ਰਤੀ ਨਫ਼ਰਤ ਨੂੰ ਖੁੱਲ੍ਹੇ ਤੌਰ 'ਤੇ ਸਿਆਸਤਦਾਨਾਂ ਦਾ ਸਮਰਥਨ ਪ੍ਰਾਪਤ ਹੈ। ਰਿਪੋਰਟ ਵਿੱਚ ਕੌਮਾਂਤਰੀ ਪੱਧਰ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸ ਤੇ ਚੀਨ 'ਤੇ ਮੀਡੀਆ ਵਿਰੋਧੀ ਰਵੱਈਆ ਅਪਨਾਉਣ ਤੇ ਪੂਰਨ ਤੌਰ 'ਤੇ ਪ੍ਰੈੱਸ ਦੀ ਆਜ਼ਾਦੀ 'ਤੇ ਕੰਟਰੋਲ ਦੀ ਮੰਗ ਕਰਨ ਦੇ ਇਲਜ਼ਾਮ ਹਨ।