ਵੁਹਾਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੇ ਦੌਰੇ ’ਤੇ ਪੁੱਜ ਗਏ ਹਨ। ਬੀਤੀ ਰਾਤ ਚੀਨੀ ਸ਼ਹਿਰ ਵੁਹਾਨ ਦੇ ਹਵਾਈ ਅੱਡੇ ’ਤੇ ਪੀਐਮ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਮੋਦੀ ਦੇ ਸਵਾਗਤ ਲਈ ਹਵਾਈ ਅੱਡੇ ਦੇ ਬਾਹਰ ਤੇ ਹੋਟਲ ਦੇ ਆਸ-ਪਾਸ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਮੌਜੂਦ ਸੀ। ਸਵਾਗਤ ’ਚ ਵਿਦਿਆਥੀਆਂ ਨੇ ‘ਮੋਦੀ-ਮੋਦੀ’ ਕਹਿੰਦਿਆਂ ਨਾਅਰੇਬਾਜ਼ੀ ਕੀਤੀ। ਵੁਹਾਨ ਵਿੱਚ ਹੀ ਅੱਜ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਹੋਵੇਗੀ। ਦੋਵੇਂ ਜਣੇ ਦੋ ਦਿਨਾਂ ’ਚ 6 ਵਾਰ ਤੋਂ ਜ਼ਿਆਦਾ ਮੁਲਾਕਾਤ ਕਰਨਗੇ।

 

ਅੱਜ ਹੋਣ ਵਾਲੀ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਗ਼ੈਰ-ਰਸਮੀ ਗੱਲਬਾਤ ਕਰਨਗੇ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਚੀਨੀ ਰਾਸ਼ਟਰਪਤੀ ਆਪਣੇ ਮੁਲਕ ਵਿੱਚ ਕਿਸੀ ਵਿਦੇਸ਼ੀ ਮਹਿਮਾਨ ਨਾਲ ਅਜਿਹੀ ਗ਼ੈਰ-ਰਸਮੀ ਮੁਲਾਕਾਤ ਕਰਨਗੇ।

ਸੂਤਰਾਂ ਮੁਤਾਬਕ ਦੋਵਾਂ ਨੇਤਾਵਾਂ ਦੀ ਮੁਲਾਕਾਤ ਤੇ ਗੱਲਬਾਤ ਦਾ ਢਾਂਚਾ ਇਸ ਤਰ੍ਹਾਂ ਰੱਖਿਆ ਗਿਆ ਹੈ ਕਿ ਦੋਵਾਂ ਨੂੰ ਆਪਸੀ ਚਰਚਾ ਦਾ ਪੂਰਾ ਸਮਾਂ ਮਿਲ ਸਕੇ। ਇਸ ਗੱਲ ਦਾ ਵੀ ਧਿਆਨ ਦਿੱਤਾ ਗਿਆ ਹੈ ਕਿ ਹਾਸ਼ੀਏ ’ਤੇ ਭਾਰਤ ਤੇ ਚੀਨ ਦੇ ਅਧਿਕਾਰੀਆਂ ਨੂੰ ਵੀ ਚਰਚਾ  ਮੌਕਾ ਮਿਲ ਜਾਵੇ।

[embed]https://twitter.com/PMOIndia/status/989549205940301825[/embed]

ਇਸ ਗ਼ੈਰਰਸਮੀ ਸ਼ਿਖਰ ਬੈਠਕ ਲਈ ਵੁਹਾਨ ਪੁੱਜੇ ਪੀਐਮ ਮੋਦੀ ਦੀਆਂ ਅਧਿਕਾਰਕ ਮੁਲਾਕਾਤਾਂ ਦਾ ਸਿਲਸਿਲਾ ਹੁਬੇਈ ਪ੍ਰੋਵਿੰਸ਼ੀਅਲ ਮਿਊਜ਼ੀਅਮ ਤੋਂ ਸ਼ੁਰੂ ਹੋਵੇਗਾ। ਅੱਜ ਦੁਪਹਿਰ ਪੀਐਮ ਮੋਦੀ ਭਾਰਤੀ ਸਮੇਂ ਮੁਤਾਬਕ 1 ਵਜੇ ਮਿਊਜ਼ੀਅਮ ਵੇਖਣ ਜਾਣਗੇ। ਇਸ ਤੋਂ ਬਾਅਦ ਨੇਤਾਵਂ ਤੇ ਹੋਰ ਪ੍ਰਤੀਨਿਧੀਆਂ ਦੀ ਮੁਲਾਕਾਤ ਹੋਵੇਗੀ। ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਪੀਐਮ ਮੋਦੀ ਸ਼ਾਮ ਨੂੰ ਮੁਲਾਕਾਤ ਕਰਨਗੇ। ਇਸ ਪਿੱਛੋਂ ਦੋਵੇਂ ਨੇਤਾ ਰਾਤ ਦੇ ਖਾਣੇ ਤਕ ਇਕੱਠੇ ਰਹਿਣਗੇ।

ਚੀਨ ਰਵਾਨਗੀ ਤੋਂ ਪਹਿਲਾਂ ਦਿੱਤੇ ਬਿਆਨ ਵਿੱਚ ਸ੍ਰੀ ਮੋਦੀ ਨੇ ਦੱਸਿਆ ਸੀ ਕਿ ਉਹ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਦੌਰਾਨ ਦੋਵਾਂ ਦੋਸ਼ਾਂ ਦੇ ਸਬੰਧਾਂ ਤੇ ਵਪਾਰਕ ਮੁੱਦਿਆਂ ’ਤੇ ਗੱਲਬਾਤ ਕਰਨਗੇ। ਇਸ ਦੌਰਾਨ ਦੋਵਾਂ ਮੁਲਕਾਂ ਦੇ ਲੰਮਾ ਸਮਾਂ ਚੱਲਣ ਵਾਲੇ ਰਣਨੀਤਕ ਪੱਖਾਂ ’ਤੇ ਵੀ ਚਰਚਾ ਕਰਨਗੇ।