ਚੰਡੀਗੜ੍ਹ: ਬੈਂਕ ਆਫ਼ ਬੜੌਦਾ ਵੱਲੋਂ ਇੱਕ ਅਜੀਬੋ-ਗ਼ਰੀਬ ਕਾਰਨਾਮਾ ਕੀਤਾ ਗਿਆ ਹੈ। ਇਹ ਮਾਮਲਾ ਹਰਿਆਣਾ ’ਚ ਜੀਂਦ ਜ਼ਿਲ੍ਹੇ ਦੇ ਸਫ਼ੀਦੋਂ ’ਚ ਸਾਹਮਣੇ ਆਇਆ। ਸ਼ਹਿਰ ਵਿੱਚ ਮਹਾਤਮਾ ਗਾਂਧੀ ਰੋਡ ਉੱਤੇ ਬੈਂਕ ਦੀ ਸ਼ਾਖਾ ਹੈ, ਜਿੱਥੇ ਇੱਕ ਕਿਸਾਨ ਨੂੰ 10-10 ਰੁਪਏ ਦੇ 17 ਹਜ਼ਾਰ ਰੁਪਏ ਦੇ ਸਿੱਕੇ ਦੇ ਦਿੱਤੇ ਗਏ ਅਤੇ ਹੁਣ ਵਾਪਸ ਜਮ੍ਹਾ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਪੀੜਤ ਕਿਸਾਨ ਨੇ ਪ੍ਰਸ਼ਾਸਨ ਤੇ ਬੈਂਕ ਅਧਿਕਾਰੀਆਂ ਨੂੰ ਮਾਮਲੇ ਦੀ ਸ਼ਿਕਾਇਤ ਦੇ ਕੇ ਇਨਸਾਫ਼ ਦੇਣ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


ਪੀੜਤ ਕਿਸਾਨ ਪਿੰਡ ਮਲਾਰ ਨਿਵਾਸੀ ਵਜ਼ੀਰ ਨੇ ਦੱਸਿਆ ਕਿ ਉਨ੍ਹਾਂ ਦੀ ਫ਼ਸਲ ਦੀ ਲਗਭਗ ਇੱਕ ਲੱਖ ਰੁਪਏ ਦੀ ਪੇਮੈਂਟ ਬੈਂਕ ’ਚ ਆਈ ਸੀ। ਉਹ ਰਕਮ ਕਢਵਾਉਣ ਗਏ, ਤਾਂ ਬੈਂਕ ਨੇ ਉਨ੍ਹਾਂ ਨੂੰ 17 ਹਜ਼ਾਰ ਰੁਪਏ ਦੇ 10-10 ਰੁਪਏ ਦੇ ਸਿੱਕੇ ਫੜਾ ਦਿੱਤੇ। ਕਿਸਾਨ ਨੇ ਕਿਹਾ ਕਿ ਉਹ ਇਨ੍ਹਾਂ ਦਾ ਕੀ ਕਰਨਗੇ, ਤਾਂ ਅਧਿਕਾਰੀਆਂ ਨੇ ਜਵਾਬ ਦਿੱਤਾ ਕਿ ਹਾਲੇ ਲੈ ਜਾਓ। ਜੇ ਨਾ ਚੱਲੇ, ਤਾਂ ਬੈਂਕ ਵਿੱਚ ਵਾਪਸ ਜਮ੍ਹਾ ਕਰਵਾ ਦੇਣਾ। ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਇੰਨੇ ਸਿੱਕੇ ਕਿਸਾਨ ਤੋਂ ਕਿਸੇ ਨੇ ਨਹੀਂ ਲਏ ਤੇ ਇਸੇ ਲਈ ਉਹ ਬੈਂਕ ਵਿੱਚ ਉਹ ਰਕਮ ਜਮ੍ਹਾ ਕਰਵਾਉਣ ਪੁੱਜੇ।


ਪਰ ਅੱਗਿਓਂ ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਉਹ ਇੱਕੋ ਵਾਰੀ ’ਚ ਇੰਨੇ ਸਿੱਕੇ ਜਮ੍ਹਾ ਨਹੀਂ ਕਰ ਸਕਦੇ। ਰੋਜ਼ਾਨਾ 1,000 ਦੇ ਸਿੱਕੇ ਜਮ੍ਹਾ ਕਰਵਾ ਜਾਇਆ ਕਰੋ। ਕਿਸਾਨ ਨੇ ਕਿਹਾ ਕਿ ਕੋਰੋਨਾ ਕਾਲ ਚੱਲ ਰਿਹਾ ਹੈ ਤੇ ਸਖ਼ਤੀ ਕਾਰਣ ਰੋਜ਼ਾਨਾ ਆਉਣਾ-ਜਾਣਾ ਸੰਭਵ ਨਹੀਂ ਹੈ। ਹਰ ਰੋਜ਼ 1,000 ਰੁਪਏ ਜਮ੍ਹਾ ਕਰਵਾਉਣ ਲਈ ਲਗਾਤਾਰ 17 ਦਿਨ ਆਉਣਾ ਪਵੇਗਾ। ਕਿਸਾਨ ਨੇ ਕਿਹਾ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਤੇ ਨਾ ਹੀ ਬੈਂਕ ਵਿੱਚ ਕੋਈ ਸਹਿਯੋਗ ਦੇ ਰਿਹਾ ਹੈ। ਇਸੇ ਲਈ ਉਨ੍ਹਾਂ ਹੁਣ ਇਸ ਮਾਮਲੇ ਦੀ ਸ਼ਿਕਾਇਤ ਅਧਿਕਾਰੀਆਂ ਨੂੰ ਕਰ ਦਿੱਤੀ ਹੈ।


ਇਹ ਵੀ ਪੜ੍ਹੋ: Sundarlal Bahuguna Death: ਚਿੱਪਕੋ ਅੰਦੋਲਨ ਦੇ ਨੇਤਾ ਸੁੰਦਰ ਲਾਲ ਬਹੁਗੁਣਾ ਦੀ ਕੋਰੋਨਾ ਨਾਲ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904