ਕੋਲਕਾਤਾ: ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ 'ਚ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਪਿੰਡ ਰਾਮਨਗਰ ਦੇ ਵਸਨੀਕ ਨੂੰ ਕੁੱਤੇ ਦੀ ਤਸਵੀਰ ਨਾਲ ਚੋਣ ਕਮਿਸ਼ਨ ਨੇ ਵੋਟਰ ਆਈ ਕਾਰਡ ਜਾਰੀ ਕਰ ਦਿੱਤਾ। ਸੁਨੀਲ ਕਰਮਾਕਰ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਵੋਟਰ ਕਾਰਡ 'ਚ ਸੁਧਾਰ ਲਈ ਬਿਨੈ ਕੀਤਾ ਸੀ ਤੇ ਜਦੋਂ ਉਸ ਨੂੰ ਇੱਕ ਸੋਧਿਆ ਕਾਰਡ ਮਿਲਿਆ ਤਾਂ ਇਸ ਵਿੱਚ ਉਸ ਦੀ ਬਜਾਏ ਕੁੱਤੇ ਦੀ ਫੋਟੋ ਸੀ।

ਉਸ ਨੇ ਕਿਹਾ, "ਕੱਲ੍ਹ ਮੈਨੂੰ ਦੁਲਾਲ ਸਮ੍ਰਿਤੀ ਸਕੂਲ ਬੁਲਾਇਆ ਸੀ ਤੇ ਇਹ ਵੋਟਰ ਕਾਰਡ ਮੈਨੂੰ ਦਿੱਤਾ ਗਿਆ। ਮੈਂ ਫੋਟੋ ਵੇਖੀ। ਉੱਥੇ ਅਧਿਕਾਰੀ ਨੇ ਇਸ 'ਤੇ ਦਸਤਖ਼ਤ ਕੀਤੇ ਤੇ ਮੈਨੂੰ ਦੇ ਦਿੱਤਾ, ਪਰ ਉਸ ਨੇ ਫੋਟੋ ਨਹੀਂ ਵੇਖੀ। ਇਹ ਮੇਰੀ ਪਛਾਣ ਨਾਲ ਖਿਲਵਾੜ ਹੈ। ਅਸੀਂ ਬੀਡੀਓ ਦਫ਼ਤਰ ਜਾਵਾਂਗੇ ਤੇ ਬੇਨਤੀ ਕਰਾਂਗੇ ਕਿ ਅਜਿਹਾ ਦੁਬਾਰਾ ਨਾ ਹੋਵੇ।"

ਜਦਕਿ, ਬਲਾਕ ਵਿਕਾਸ ਅਫਸਰ (ਬੀਡੀਓ) ਨੇ ਕਿਹਾ ਹੈ ਕਿ ਤਸਵੀਰ ਨੂੰ ਪਹਿਲਾਂ ਹੀ ਸਹੀ ਕਰ ਦਿੱਤਾ ਗਿਆ ਹੈ ਤੇ ਕਰਮਕਰ ਨੂੰ ਸਹੀ ਫੋਟੋ ਦੇ ਨਾਲ ID ਕਾਰਡ ਮਿਲੇਗਾ।


ਬੀਡੀਓ ਅਧਿਕਾਰੀ ਨੇ ਕਿਹਾ, “ਇਹ ਉਸ ਦਾ ਆਖਰੀ ਵੋਟਰ ਸ਼ਨਾਖਤੀ ਕਾਰਡ ਨਹੀਂ। ਜੇਕਰ ਕੋਈ ਗਲਤੀ ਹੋਈ ਤਾਂ ਇਸ ਨੂੰ ਦਰੁਸਤ ਕੀਤਾ ਜਾਵੇਗਾ। ਜਿੱਥੋਂ ਤੱਕ ਕੁੱਤੇ ਦੀ ਫੋਟੋ ਦੀ ਗੱਲ ਹੈ, ਇਹ ਆਨਲਾਈਨ ਅਰਜ਼ੀ ਭਰਨ ਵੇਲੇ ਕਿਸੇ ਵੱਲੋਂ ਕੀਤਾ ਹੋ ਸਕਦਾ ਹੈ। ਫੋਟੋ ਪਹਿਲਾਂ ਹੀ ਸਹੀ ਕੀਤੀ ਗਈ ਹੈ। ਹੁਣ ਆਈਡੀ ਕਾਰਡ ਸਹੀ ਫੋਟੋ ਨਾਲ ਮਿਲੇਗਾ।"