ਲਗ਼ਜ਼ਰੀ ਬੱਸ 'ਚ ਮੁਸ਼ਕੀਆਂ ਜ਼ੁਰਾਬਾਂ ਪਾ ਚੜ੍ਹਿਆ ਵਿਅਕਤੀ, ਮੁਸਾਫਰਾਂ ਨੇ ਕਰਵਾਇਆ ਪਰਚਾ ਦਰਜ
ਏਬੀਪੀ ਸਾਂਝਾ | 03 Dec 2017 10:21 AM (IST)
ਪ੍ਰਤੀਕਾਤਮਕ ਤਸਵੀਰ
ਚੰਡੀਗੜ੍ਹ: ਬਿਹਾਰ ਦਾ ਰਹਿਣ ਵਾਲਾ ਇੱਕ ਵਿਅਕਤੀ ਆਪਣੀਆਂ ਜ਼ੁਰਾਬਾਂ ਵਿੱਚੋਂ ਮੁਸ਼ਕ ਆਉਣ 'ਤੇ ਭਾਰੀ ਮੁਸ਼ਕਲਾਂ ਵਿੱਚ ਪੈ ਗਿਆ ਹੈ। 27 ਸਾਲਾ ਪ੍ਰਕਾਸ਼ ਕੁਮਾਰ ਨਾਂ ਦਾ ਵਿਅਕਤੀ ਦਿੱਲੀ ਤੋਂ ਧਰਮਸ਼ਾਲਾ ਜਾਣ ਲਈ ਲਗ਼ਜ਼ਰੀ ਬੱਸ ਵਿੱਚ ਸਵਾਰ ਹੋ ਗਿਆ ਤੇ ਕਾਂਗੜਾ ਪਹੁੰਚ ਕੇ ਉਸ ਨੇ ਆਪਣੇ ਜੁੱਤੇ ਤੇ ਜ਼ੁਰਾਬਾਂ ਉਤਾਰ ਦਿੱਤੀਆਂ। ਉਸ ਦੀਆਂ ਜ਼ੁਰਾਬਾਂ ਵਿੱਚੋਂ ਗੰਦੀ ਮੁਸ਼ਕ ਆਉਣ ਕਾਰਨ ਬੱਸ ਵਿੱਚ ਸਵਾਰ ਹੋਰਨਾਂ ਲੋਕਾਂ ਨੇ ਉਸ ਨੂੰ ਜ਼ੁਰਾਬਾਂ ਆਪਣੇ ਬਸਤੇ 'ਚ ਪਾਉਣ ਜਾਂ ਬਾਹਰ ਸੁੱਟਣ ਲਈ ਕਿਹਾ। ਪਰ ਪ੍ਰਕਾਸ਼ ਨੇ ਦੋਵੇਂ ਕੰਮ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਇਸ 'ਤੇ ਹੋਰਨਾਂ ਮੁਸਾਫਰਾਂ ਨਾਲ ਉਸ ਦੀ ਜ਼ੋਰਦਾਰ ਬਹਿਸ ਹੋਈ, ਜਿਸ ਕਾਰਨ ਬੱਸ ਚਾਲਕ ਤੇ ਕੰਡਕਟਰ ਨੂੰ ਦੋ ਵਾਰ ਬੱਸ ਰੋਕਣੀ ਵੀ ਪਈ। ਮੀਡੀਆ ਰਿਪੋਰਟ ਮੁਤਾਬਕ ਜਦੋਂ ਵਿਵਾਦ ਵਧ ਗਿਆ ਤਾਂ ਮੁਸਾਫਰਾਂ ਨੇ ਬੱਸ ਚਾਲਕ 'ਤੇ ਬੱਸ ਨੂੰ ਪੁਲਿਸ ਸਟੇਸ਼ਨ ਲਿਜਾਉਣ ਲਈ ਜ਼ੋਰ ਪਾਇਆ। ਬੱਸ ਚਾਲਕ ਨੇ ਬੱਸ ਊਨਾ ਜ਼ਿਲ੍ਹਾ ਦੇ ਭੜਵੈਣ ਪੁਲਿਸ ਸਟੇਸ਼ਨ ਅੰਦਰ ਜਾ ਰੋਕੀ। ਮੁਸਾਫਰਾਂ ਨੇ ਪ੍ਰਕਾਸ਼ ਨੂੰ ਪੁਲਿਸ ਦੇ ਹਵਾਲੇ ਕਰਦਿਆਂ ਉਸ ਦੀਆਂ ਮੁਸ਼ਕੀਆਂ ਜ਼ੁਰਾਬਾਂ ਕਾਰਨ ਹੋਈ ਦਿੱਕਤ ਦਾ ਖੁਲਾਸਾ ਕੀਤਾ। ਊਨਾ ਦੇ ਪੁਲਿਸ ਕਪਤਾਨ ਸੰਜੀਵ ਗਾਂਧੀ ਮੁਤਾਬਕ ਪ੍ਰਕਾਸ਼ ਕੁਮਾਰ ਨੂੰ 26-27 ਨਵੰਬਰ ਦੀ ਰਾਤ ਨੂੰ 'ਅੰਬ' ਦੇ ਐੱਸ.ਡੀ.ਐੱਮ. ਦੇ ਹੁਕਮਾਂ 'ਤੇ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੁਮਾਰ ਨੇ ਆਪਣੇ ਸਾਥੀ ਮੁਸਾਫਰਾਂ ਵਿਰੁੱਧ ਵੀ ਸ਼ਿਕਾਇਤ ਦਿੱਤੀ ਹੈ। ਉਸ ਨੇ ਇਲਜ਼ਾਮ ਲਾਇਆ ਕਿ ਉਸ ਦੀਆਂ ਜ਼ੁਰਾਬਾਂ ਵਿੱਚੋਂ ਕੋਈ ਮੁਸ਼ਕ ਨਹੀਂ ਸੀ ਆ ਰਹੀ ਬਲਕਿ, ਉਸ ਨਾਲ ਬੇ-ਮਤਲਬ ਝਗੜਾ ਕੀਤਾ ਗਿਆ।