ਚੰਡੀਗੜ੍ਹ: "ਸੜਕਾਂ 'ਤੇ ਕਈ ਸੁਫ਼ਨੇ ਚੂਰ ਹੁੰਦੇ ਦੇਖੇ ਨੇ, ਆਪਣਿਆਂ ਤੋਂ ਆਪਣੇ ਦੂਰ ਹੁੰਦੇ ਦੇਖੇ ਨੇ", ਇਹ ਗਾਣਾ ਕਿਸੇ ਪੰਜਾਬੀ ਗਾਇਕ ਨੇ ਨਹੀਂ ਬਲਕਿ ਚੰਡੀਗੜ੍ਹ ਪੁਲਿਸ ਦੇ ਟ੍ਰੈਫਿਕ ਮੁਲਾਜ਼ਮ ਨੇ ਗਾਇਆ ਹੈ। ਆਪਣੀ ਗੀਤ ਰਾਹੀਂ ਸਿਪਾਹੀ ਭੁਪਿੰਦਰ ਸਿੰਘ ਨੇ ਲੋਕਾਂ ਨੂੰ ਸੜਕ ਸੁਰੱਖਿਆ ਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਹੈ।   ਭੁਪਿੰਦਰ ਸਿੰਘ ਆਪਣੇ ਵਿਭਾਗ ਦੇ ਨਾਲ-ਨਾਲ ਕਈ ਜਨਤਕ ਸਮਾਗਮਾਂ ਵਿੱਚ ਵੀ ਆਪਣੇ ਗੀਤ ਪੇਸ਼ ਕਰਦੇ ਹਨ। ਉਨ੍ਹਾਂ ਨੂੰ ਆਪਣੀ ਜਵਾਨੀ ਦੇ ਦਿਨਾਂ ਤੋਂ ਸੰਗੀਤ ਦਾ ਸ਼ੌਕ ਸੀ ਤੇ ਆਪਣੇ ਇਸ ਹੁਨਰ ਨੂੰ ਉਹ ਨਾ ਸਿਰਫ ਸੜਕੀ ਸੁਰੱਖਿਆ ਬਲਕਿ ਹੋਰ ਮੁੱਦਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਰਤਦੇ ਹਨ। ਭੁਪਿੰਦਰ ਸਿੰਘ ਨੇ ਸੁਰੱਖਿਅਤ ਡ੍ਰਾਇਵਿੰਗ, ਔਰਤਾਂ ਨੂੰ ਹੈਲਮੇਟ ਪਾਉਣ ਲਈ ਪ੍ਰੇਰਿਤ ਕਰਨਾ ਤੇ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਆਦਿ ਵਿਸ਼ਿਆਂ 'ਤੇ ਵੀ ਲਿਖਿਆ ਹੈ। ਉਨ੍ਹਾਂ ਤਾਜ਼ਾ ਗੀਤ 'ਬਿਨਾ ਗੱਲੋਂ ਹੌਰਨ ਕਿਉਂ ਵਜਾਈ ਜਾਂਦਾ ਹੈਂ' ਲੋਕਾਂ ਨੂੰ ਹਾਰਨ ਦੀ ਬੇਲੋੜੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਤੇ ਪੁਲਿਸ ਦੀ ਇਸ ਸਬੰਧੀ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਸਮਰਥਨ ਵਿੱਚ ਗਾਇਆ ਹੈ। ਭੁਪਿੰਦਰ ਸਿੰਘ ਕੁਝ ਸਮੇਂ ਬਾਅਦ ਗ਼ਲਤ ਢੰਗ ਨਾਲ ਕੀਤੀ ਪਾਰਕਿੰਗ ਦੇ ਮੁੱਦੇ 'ਤੇ ਆਧਾਰਤ ਹੋਵੇਗਾ। ਇਸ ਹੁਨਰਮੰਦ ਪੁਲਿਸ ਮੁਲਾਜ਼ਮ ਦੇ ਕਈ ਗੀਤ ਕਾਲਰ ਟਿਊਨ 'ਤੇ ਵੀ ਉਪਲਬਧ ਹਨ। ਚੰਡੀਗੜ੍ਹ ਦੀ ਆਵਾਜਾਈ ਤੇ ਸੁਰੱਖਿਆ ਮਾਮਲੇ ਦੇ ਪੁਲਿਸ ਕਪਤਾਨ ਸ਼ਸ਼ਾਂਕ ਆਨੰਦ ਵੀ ਭੁਪਿੰਦਰ ਦੀ ਕਲਾ ਦੀ ਤਾਰੀਫ਼ ਕਰਦੇ ਹਨ ਤੇ ਆਪਣੇ ਦਫ਼ਤਰੀ ਨੰਬਰ 'ਤੇ ਉਨ੍ਹਾਂ ਦੇ ਗੀਤ ਵਾਲੀ ਕਾਲਰ ਟਿਊਨ ਲਾਈ ਹੋਈ ਹੈ। ਵੇਖੋ ਭੁਪਿੰਦਰ ਸਿੰਘ ਦਾ ਹੁਨਰ- [embed]