ਨਵੀਂ ਦਿੱਲੀ: ਮੁਲਕ ਦੇ ਸਾਬਕਾ ਚੀਫ਼ ਜਸਟਿਸ ਆਰਐਮ ਲੋਢਾ ਨੇ ਕਿਹਾ ਹੈ ਕਿ ਨਿਆ ਪਾਲਿਕਾ ਦੀ ਆਜ਼ਾਦੀ ਖ਼ਤਰੇ ਵਿੱਚ ਹੈ। ਇਸ ਦਾ ਆਜ਼ਾਦ ਰਹਿਣਾ ਲੋਕਤੰਤਰ ਲਈ ਬੇਹੱਦ ਜ਼ਰੂਰੀ ਹੈ। ਸਾਬਕਾ ਮੰਤਰੀ ਤੇ ਬੀਜੇਪੀ ਲੀਡਰ ਅਰੁਣ ਸ਼ੌਰੀ ਦੀ ਕਿਤਾਬ 'ਅਨੀਤਾ ਗੇਟਸ ਬੇਲ' ਦੇ ਰਿਲੀਜ਼ ਫੰਕਸ਼ਨ ਵਿੱਚ ਪਹੁੰਚੇ ਆਰਐਮ ਲੋਢਾ ਨੇ ਇਹ ਗੱਲਾਂ ਆਖੀਆਂ।   ਲੋਢਾ ਨੇ ਚੀਫ਼ ਜਸਟਿਸ ਖ਼ਿਲਾਫ਼ ਜੱਜਾਂ ਦੇ ਮੋਰਚਾ ਖੋਲ੍ਹਣ ਤੇ ਕਾਲੌਜੀਅਮ ਵਿਵਾਦ 'ਤੇ ਕਿਹਾ ਕਿ ਚੀਫ਼ ਜਸਟਿਸ ਨੂੰ ਬਾਕੀ ਜੱਜਾਂ ਨੂੰ ਆਪਣਾ ਸਾਥੀ ਸਮਝ ਕੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਅੱਜ ਜਿਹੜਾ ਦੌਰ ਅਸੀਂ ਵੇਖ ਰਹੇ ਹਾਂ ਉਹ ਗ਼ਲਤ ਹੈ। ਇਹ ਸਹੀ ਵਕਤ ਹੈ ਕਿ ਸਾਥੀਆਂ ਨਾਲ ਗੱਲਾਂ ਹੋਣ। ਸਾਰਿਆਂ ਦੇ ਵਿਚਾਰ ਵੱਖ-ਵੱਖ ਹੋ ਸਕਦੇ ਹਨ ਪਰ ਫ਼ੈਸਲਾ ਅਜਿਹਾ ਹੋਣਾ ਚਾਹੀਦਾ ਹੈ ਜੋ ਸੁਪਰੀਮ ਕੋਰਟ ਨੂੰ ਅੱਗੇ ਲੈ ਜਾਵੇ। ਇਹ ਜਿਊਡੀਸ਼ਰੀ ਦੀ ਆਜ਼ਾਦੀ ਨੂੰ ਕਾਇਮ ਰੱਖਦਾ ਹੈ। ਉਨ੍ਹਾਂ ਕਿਹਾ, "ਮੈਂ ਹਮੇਸ਼ਾ ਮਹਿਸੂਸ ਕੀਤਾ ਹੈ ਕਿ ਜਿਊਡੀਸ਼ਰੀ ਦੀ ਆਜ਼ਾਦੀ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਤੇ ਅਦਾਲਤ ਦਾ ਲੀਡਰ ਹੋਣ ਕਰਕੇ ਚੀਫ਼ ਜਸਟਿਸ ਨੂੰ ਇਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਲੀਡਰਸ਼ਿਪ ਕਵਾਲਿਟੀ ਵਿਖਾਉਂਦੇ ਹੋਏ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ।