ਨਵੀਂ ਦਿੱਲੀ: ਹਵਾਈ ਜਹਾਜ਼ ਵਿੱਚ ਸਫਰ ਕਰਨ ਵਾਲਿਆਂ ਲਈ ਚੰਗੀ ਖਬਰ ਹੈ। ਜਲਦੀ ਹੀ ਹਵਾਈ ਸਫਰ ਦੌਰਾਨ ਮੁਸਾਫਰਾਂ ਨੂੰ ਕਾਲਿੰਗ ਤੇ ਵਾਈ-ਫਾਈ ਸੇਵਾ ਵੀ ਮਿਲਿਆ ਕਰੇਗੀ। ਟੈਲੀਕਾਮ ਕਮਿਸ਼ਨ ਨੇ ਇਸ ਸਬੰਧ ਵਿੱਚ ਅੱਜ ਮਤੇ ਨੂੰ ਮਨਜ਼ੂਰੀ ਦੇ ਦਿੱਤਾ ਹੈ।   ਨਾਗਰਿਕ ਉਡਾਣ ਮੰਤਰੀ ਸੁਰੇਸ਼ ਪ੍ਰਭੂ ਨੇ ਦੂਰਸੰਚਾਰ ਕਮਿਸ਼ਨ ਦੇ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਭਾਰਤੀ ਉਡਾਣਾਂ ਦੇ ਲਿਹਾਜ਼ ਨਾਲ ਦਿਲਚਸਪ ਵਕਤ ਆਉਣ ਵਾਲਾ ਹੈ ਕਿਉਂਕਿ ਟੈਲੀਕਾਮ ਕਮਿਸ਼ਨ ਨੇ ਸਫਰ ਦੌਰਾਨ ਕਾਲਿੰਗ ਤੇ ਇੰਟਰਨੈਟ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟੈਲੀਕਾਮ ਕਮਿਸ਼ਨ ਨੇ ਮੁਲਕ ਵਿੱਚ ਘਰੇਲੂ ਤੇ ਕੌਮਾਂਤਰੀ ਹਵਾਈ ਉਡਾਣਾਂ ਵਿੱਚ ਮੋਬਾਈਲ ਫੋਨ ਕਾਲ ਤੇ ਇੰਟਰਨੈਟ ਸੇਵਾਵਾਂ ਦੀ ਇਜ਼ਾਜਤ ਦੇ ਦਿੱਤੀ ਹੈ। ਟੈਲੀਕਾਮ ਕਮਿਸ਼ਨ, ਦੂਰਸੰਚਾਰ ਨਾਲ ਜੁੜੇ ਫੈਸਲੇ ਲੈਣ ਵਾਲਾ ਡਿਪਾਰਟਮੈਂਟ ਹੈ। ਇਸ ਫੈਸਲੇ ਨਾਲ ਹੀ ਹਵਾਈ ਮੁਸਾਫਰਾਂ ਲਈ ਮੋਬਾਈਲ ਫੋਨ ਨਾਲ ਕਾਲਿੰਗ ਤੇ ਇੰਟਰਨੈਟ ਚਲਾਉਣ ਦਾ ਰਸਤਾ ਖੁੱਲ੍ਹ ਜਾਵੇਗਾ।