ਕੈਪਟਨ ਸਰਕਾਰ ਦਾ ਇੱਕ ਸਾਲ ਪੂਰਾ ਹੋਣ 'ਤੇ ਵੰਡੇ 'ਲੌਲੀਪੌਪ'
ਕਮਰਚਾਰੀਆਂ ਨੇ ਕਿਹਾ ਕਿ ਮੰਤਰੀਆਂ ਨੇ ਆਪਣੀ ਤਨਖ਼ਾਹ ਤਾਂ ਵਧਾ ਲਈ ਹੈ ਪਰ ਸਾਡੀ ਘਟਾਉਣ ਦੀ ਗੱਲ ਕਰ ਰਹੀ ਹੈ।
ਮੁਲਾਜ਼ਮ ਦਾ ਕਹਿਣਾ ਹੈ ਕਿ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ 10,300 ਰੁਪਏ ਵਿੱਚ ਘਰ ਕਿਵੇਂ ਚੱਲ ਸਕਦਾ ਹੈ। ਅਸੀਂ ਲੋਨ ਲੈ ਕੇ ਆਪਣੇ ਘਰ ਬਣਾਏ ਹਨ। ਜੇਕਰ ਸਰਕਾਰ ਸਾਡੀ ਤਨਖ਼ਾਹ ਘਟਾ ਦੇਵੇਗੀ ਤਾਂ ਅਸੀਂ ਲੋਨ ਦੀ ਕਿਸਤ ਕਿਸ ਤਰ੍ਹਾਂ ਅਦਾ ਕਰਾਂਗੇ।
ਉਨ੍ਹਾਂ ਕਿਹਾ, “ਹੁਣ ਸਾਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਪੱਕੇ ਹੋਣਾ ਹੈ ਤਾਂ ਤਿੰਨ ਸਾਲ 10,300 ਰਪਏ ‘ਤੇ ਕੰਮ ਕਰੋ। ਹੁਣ ਇਨ੍ਹਾਂ ਨੂੰ ਕੌਣ ਸਮਝਾਵੇ ਕਿ ਸਾਡੀ ਤਨਖ਼ਾਹ ਨਾਲ ਸਾਡਾ ਪਰਿਵਾਰ ਜੁੜਿਆ ਹੈ।
ਮੁਲਾਜ਼ਮਾਂ ਨੇ ਕਿਹਾ, ਇਸ ਤੋਂ ਪਹਿਲਾਂ ਅਸੀਂ ਕਈ ਰੈਲੀਆਂ ਕੀਤੀਆਂ ਪਰ ਸਰਕਾਰ ‘ਤੇ ਕੋਈ ਅਸਰ ਨਹੀਂ ਹੋ ਰਿਹਾ। ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸਾਨੂੰ ਪੱਕਾ ਕਰੋ ਪਰ ਸਰਕਾਰ ਉਲਟਾ ਸਾਡੀਆਂ ਤਨਖ਼ਾਹਾਂ ਘਟਾਉਣ ਬਾਰੇ ਗੱਲ ਕਰ ਰਹੀ ਹੈ।”
ਜਲੰਧਰ ਵਿੱਚ ਠੇਕਾ ਮੁਲਾਜ਼ਮ ਸੁਧਾ ਨੇ ਦੱਸਿਆ, “ਸਰਕਾਰ ਇੱਕ ਸਾਲ ਪੂਰਾ ਕਰ ਗਈ ਹੈ ਤੇ ਸਾਡੀਆਂ ਮੰਗਾਂ ‘ਤੇ ਸਾਨੂੰ ਲੌਲੀਪੌਪ ਹੀ ਦਿੰਦੀ ਆ ਰਹੀ ਹੈ। ਇਸੇ ਲਈ ਅਸੀਂ ਵੀ ਲੌਲੀਪੌਪ ਦਿਹਾੜਾ ਮਨਾ ਰਹੇ ਹਾਂ।
ਸੂਬੇ ਦੇ ਵੱਖ-ਵੱਖ ਵਿਭਾਗਾਂ ਵਿੱਚ ਠੇਕੇ ‘ਤੇ ਕੰਮ ਕਰ ਰਹੇ ਕਰਮਚਾਰੀਆਂ ਨੇ ਕੈਪਟਨ ਸਰਕਾਰ ਦਾ ਇੱਕ ਸਾਲ ਪੂਰਾ ਹੋਣ ‘ਤੇ ‘ਲੌਲੀਪੌਪ’ ਦਿਹਾੜਾ ਮਨਾਇਆ। ਕਰਮਚਾਰੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਖੜ੍ਹੇ ਹੋ ਗਏ ਤੇ ਉੱਥੋਂ ਆਉਣ-ਜਾਣ ਵਾਲੇ ਲੋਕਾਂ ਨੂੰ ਲੌਲੀਪੋਪ ਦਿੱਤੇ।