ਨਵੀਂ ਦਿੱਲੀ: 'ਮਿਸ਼ਨ ਗਗਨਯਾਨ' ਤਹਿਤ ਪੁਲਾੜ 'ਚ ਜਾਣ ਵਾਲੇ ਭਾਰਤੀ ਪੁਲਾੜ ਯਾਤਰੀਆਂ ਲਈ ਡਿਫੈਂਸ ਫੂਡ ਰਿਸਰਚ ਲੈਬਾਰਟਰੀ (ਡੀਐਫਆਰਐਲ) ਵੱਲੋਂ ਅੰਡਾ ਰੋਲ, ਵੇਜ ਰੋਲ, ਇਡਲੀ, ਮੂੰਗ ਦਾਲ ਦਾ ਹਲਵਾ ਤੇ ਸ਼ਾਕਾਹਾਰੀ ਪੁਲਾਅ ਜਿਹੇ ਖਾਣ ਵਾਲੇ ਪਦਾਰਥ ਤਿਆਰ ਕੀਤੇ ਗਏ ਹਨ। ਪੁਲਾੜ ਯਾਤਰੀਆਂ ਨੂੰ ਭੋਜਨ ਗਰਮ ਕਰਨ ਲਈ ਹੀਟਰ ਵੀ ਦਿੱਤੇ ਜਾਣਗੇ। 'ਮਿਸ਼ਨ ਗਗਨਯਾਨ' ਦੌਰਾਨ ਇੱਕ ਗਰੈਵਿਟੀ ਮੁਕਤ ਥਾਂ 'ਚ ਪਾਣੀ ਤੇ ਜੂਸ ਵਰਗੇ ਪੀਣ ਵਾਲੇ ਪਦਾਰਥਾਂ ਨੂੰ ਪੀਣ 'ਚ ਮਦਦ ਲਈ ਖਾਸ ਭਾਂਡੇ ਵੀ ਤਿਆਰ ਕੀਤੇ ਗਏ ਹਨ।

ਇਸ ਪੁਲਾੜ ਮਿਸ਼ਨ ਦੌਰਾਨ ਖਾਣ ਲਈ 22 ਕਿਸਮਾਂ ਦੇ ਪਕਵਾਨ ਤਿਆਰ ਕੀਤੇ ਗਏ ਹਨ। ਇਨ੍ਹਾਂ 'ਚ ਹਲਕਾ ਭੋਜਨ, ਉੱਚ ਊਰਜਾ ਵਾਲਾ ਭੋਜਨ, ਡ੍ਰਾਈ ਫਰੂਟ ਤੇ ਫਲ ਵੀ ਸ਼ਾਮਲ ਹਨ। ਡੀਐਫਆਰਐਲ ਦੇ ਡਾਇਰੈਕਟਰ ਡਾ. ਅਨਿਲ ਦੱਤ ਨੇ ਕਿਹਾ ਕਿ ਇਹ ਭੋਜਨ ਸਿਹਤਮੰਦ ਹੈ ਤੇ ਇੱਕ ਸਾਲ ਤੱਕ ਰਹਿ ਸਕਦਾ ਹੈ। ਉਨ੍ਹਾਂ ਕਿਹਾ- ਜੇ ਕੋਈ ਪੁਲਾੜ ਯਾਤਰੀ ਮਟਨ ਜਾਂ ਚਿਕਨ ਖਾਣਾ ਚਾਹੁੰਦਾ ਹੈ, ਤਾਂ ਅਸੀਂ ਚਿਕਨ ਕਰੀ ਤੇ ਬਿਰਿਆਨੀ ਦਾ ਪ੍ਰਬੰਧ ਕੀਤਾ ਹੈ। ਪੈਕੇਟ ਨੂੰ ਗਰਮ ਕਰਕੇ ਖਾਧਾ ਜਾ ਸਕਦਾ ਹੈ।


ਇਸਰੋ ਨੇ ਕਿਹਾ ਕਿ ਉਤਸ਼ਾਹੀ 'ਗਗਨਯਾਨ' ਮਿਸ਼ਨ ਲਈ ਪੁਲਾੜ ਯਾਤਰੀਆਂ ਦੀ ਸਿਖਲਾਈ ਰੂਸ 'ਚ ਜਨਵਰੀ ਦੇ ਤੀਜੇ ਹਫ਼ਤੇ ਤੋਂ ਸ਼ੁਰੂ ਹੋਵੇਗੀ। ਇਸਰੋ ਦੇ ਮੁਖੀ ਕੇ ਸਿਵਨ ਨੇ ਦੱਸਿਆ ਕਿ ਇਸ ਮਿਸ਼ਨ ਲਈ ਚਾਰ ਪੁਲਾੜ ਯਾਤਰੀਆਂ ਦੀ ਚੋਣ ਕੀਤੀ ਗਈ ਹੈ ਤੇ ਉਨ੍ਹਾਂ ਦੀ ਸਿਖਲਾਈ ਇਸ ਮਹੀਨੇ ਦੇ ਤੀਜੇ ਹਫ਼ਤੇ ਤੋਂ ਰੂਸ 'ਚ ਸ਼ੁਰੂ ਹੋ ਜਾਵੇਗੀ।