ਅਹਿਮਦਾਬਾਦ- ਇੱਥੇ ਇਕ ਪਿੰਡ ਵਿੱਚ ਕਿਸਾਨਾਂ ਨੂੰ ਕਈ ਸਾਲ ਪੁਰਾਣੇ ਆਂਡੇ ਦੇ ਕੁਝ ਅਵਸ਼ੇਸ਼ ਮਿਲੇ ਹਨ, ਜਿਸ ਨੂੰ ਡਾਇਨਾਸੋਰ ਦਾ ਆਂਡਾ ਕਿਹਾ ਜਾ ਰਿਹਾ ਹੈ। ਇਹ ਪਿੰਡ ਬਾਲਾਸਿਨੌਰ ਤੋਂ 10 ਕਿਲੋਮੀਟਰ ਦੂਰ ਹੈ, ਜਿੱਥੇ ਕਦੇ ਡਾਇਨਾਸੋਰ ਰਹਿੰਦੇ ਸਨ। ਸ਼ਨੀਵਾਰ ਖੋਦਾਈ ਵੇਲੇ ਮਿਲਿਆ ਆਂਡਾ ਟੁੱਟ ਗਿਆ ਹੈ। ਖੋਦਾਈ ਵਿੱਚ ਮਿਲਿਆ ਆਂਡਾ ਸਥਾਨਕ ਜੰਗਲਾਤ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ। ਇਹ ਆਂਡਾ ਅਗਲੀ ਰਿਸਰਚ ਲਈ ਭਾਰਤੀ ਭੂ-ਵਿਗਿਆਨੀ ਸਰਵੇਖਣ ਭੇਜਿਆ ਜਾਵੇਗਾ। ਆਂਡਾ ਡਾਇਨਾਸੋਰ ਦਾ ਹੈ ਜਾਂ ਨਹੀਂ, ਇਸ ਜਾਂਚ ਲਈ ਲੈਬ ਟੈਸਟ ਕੀਤਾ ਜਾਵੇਗਾ। ਡਾਇਨਾਸੋਰ ਦੇ ਅਵਸ਼ੇਸ਼ ਸਭ ਤੋਂ ਪਹਿਲਾਂ 1980 ਦੇ ਦਹਾਕੇ ਵਿੱਚ ਬਾਲਾਸਿਨੌਰ ਕੋਲ ਮਿਲੇ ਸਨ, ਜਿਸ ਪਿੱਛੋਂ ਉੱਥੇ ਡਾਇਨਾਸੋਰ ਜੀਵਾਸ਼ਮ ਪਾਰਕ ਦੀ ਸਥਾਪਨਾ ਹੋਈ ਸੀ। ਬਾਲਾਸਿਨੌਰ ਦੇ ਡਾਇਨਾਸੋਰ ਫਾਸਿਲ ਪਾਰਕ ਵਿੱਚ 1982-84 ਦੌਰਾਨ ਰਾਜਾਸੋਰਸ ਨਰਮਡੇਂਸਿਸ ਨਾਂ ਦੇ ਡਾਇਨਾਸੋਰ ਦੇ ਅਵਸ਼ੇਸ਼ ਮਿਲੇ ਸਨ, ਜਿਸ ਅਨੁਸਾਰ ਇਹ ਅਨੁਮਾਨ ਲਾਇਆ ਗਿਆ ਸੀ ਕਿ ਡਾਇਨਾਸੋਰ ਦੀ ਲੰਬਾਈ 7 ਤੋਂ 9 ਮੀਟਰ ਤੇ ਉੱਚਾਈ 2.4 ਮੀਟਰ ਤੱਕ ਰਹੀ ਹੋਵੇਗੀ। ਨਾਲ ਹੀ ਲਗਭਗ 7 ਕਰੋੜ ਸਾਲ ਪਹਿਲਾਂ ਇਹ ਉੱਥੇ ਪਾਏ ਜਾਂਦੇ ਸਨ। ਡਾਇਨਾਸੋਰ ਦੇ ਅਵੇਸ਼ਸ਼ਾਂ ਦੀ ਖੋਜ ਭੂ-ਵਿਗਿਆਨੀ ਸਰਵੇਖਣ ਕੇ. ਸੁਰੇਸ਼ ਸ਼੍ਰੀਵਾਸਤਵ ਨੇ ਕੀਤੀ ਸੀ। ਉਦੋਂ ਤੋਂ ਬਾਲਾਸਿਨੌਰ ਵਿੱਚ ਦੁਨੀਆ ਦੇ ਸਭ ਤੋਂ ਵਿਸ਼ਾਲ ਅਤੇ ਹੁਣ ਖਤਮ ਨਸਲਾਂ ਵਿੱਚੋਂ ਇਕ ਡਾਇਨਾਸੋਰ ਉਤੇ ਲਗਾਤਾਰ ਖੋਜ ਕੀਤੀ ਗਈ ਹੈ। ਇਸ ਦੇ ਅਨੁਸਾਰ ਕਰੀਬ 6 ਕਰੋੜ ਸਾਲ ਪਹਿਲਾਂ ਨਰਮਦਾ ਘਾਟੀ ਦੀ ਬੈਲਟ ਉਤੇ ਬਾਲਾਸਿਨੌਰ ਤੋਂ ਮੱਧ ਪ੍ਰਦੇਸ਼ ਤੱਕ ਡਾਇਨਾਸੋਰ ਦੀਆਂ ਆਖਰੀ 7 ਜੀਵਿਤ ਨਸਲਾਂ ਲਈ ਆਂਡੇ ਦੇਣ ਦੀ ਸਭ ਤੋਂ ਮਨਪਸੰਦ ਜਗ੍ਹਾ ਸੀ।