ਮਾਸਕੋ: ਕੁੱਤਿਆਂ ਦੀ ਵਫਾਦਾਰੀ ਦੇ ਕਿੱਸੇ ਬਹੁਤ ਮਸ਼ਹੂਰ ਹਨ, ਜ਼ਾਹਰ ਹੈ ਤੁਸੀਂ ਵੀ ਸੁਣੇ ਹੋਣਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਕੁੱਤੇ ਆਪਣੇ ਮਾਲਕ ਕੋਲ ਜਾਣ ਲਈ ਲੰਮਾ ਸਫ਼ਰ ਤੈਅ ਕਰ ਲੈਂਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਕੁੱਤੇ ਨੇ ਆਪਣੇ ਮਾਲਕ ਕੋਲ ਮੁੜ ਪਹੁੰਚਣ ਲਈ ਸੈਂਕੜੇ ਕਿਲੋਮੀਟਰ ਦਾ ਸਫਰ ਤੈਅ ਕੀਤਾ। ਜੀ ਹਾਂ, ਰੂਸ ਵਿੱਚ ਛੇ ਮਹੀਨਿਆਂ ਦਾ ਕੁੱਤਾ 200 ਕਿਲੋਮੀਟਰ ਪੈਦਲ ਤੁਰ ਕੇ ਆਪਣੇ ਮਾਲਕ ਕੋਲ ਜਾ ਪਹੁੰਚਿਆ। ਇਸ ਦੌਰਾਨ ਉਹ ਸਾਈਬੇਰੀਆ ਦੇ ਜੰਗਲਾਂ ਵਿੱਚੋਂ ਵੀ ਗੁਜ਼ਰਿਆ ਤੇ ਜੰਗਲੀ ਭਾਲੂਆਂ ਤੇ ਭੇੜੀਆਂ ਤੋਂ ਬਚਦੇ ਹੋਏ ਆਪਣੇ ਘਰ ਪਹੁੰਚ ਗਿਆ। ਕੁੱਤੇ ਦਾ ਨਾਂ ਮਾਰੂ ਹੈ, ਮਾਲਕ ਨੇ ਉਸ ਨੂੰ ਇਹ ਕਹਿ ਕੇ ਵੇਚ ਦਿੱਤਾ ਸੀ ਕਿ ਉਸ ਨੂੰ ਐਲਰਜੀ ਹੈ। ਮਾਰੂ ਨੂੰ ਜਦ ਉਸ ਦਾ ਨਵਾਂ ਮਾਲਕ ਟ੍ਰੇਨ ਰਾਹੀਂ ਕਿਤੇ ਲਿਜਾ ਰਿਹਾ ਸੀ ਤਾਂ ਉਸ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਛੁਡਾ ਲਿਆ ਤੇ ਅਣਜਾਣ ਸਟੇਸ਼ਨ 'ਤੇ ਉੱਤਰ ਗਿਆ। ਹਨੇਰੇ ਕਾਰਨ ਮਾਰੂ ਸੌਖਿਆਂ ਹੀ ਉੱਥੋਂ ਭੱਜ ਗਿਆ ਤੇ ਉਸ ਨੂੰ ਖੋਜਣ ਲਈ ਟੀਮ ਬਣਾਈ ਗਈ। ਢਾਈ ਦਿਨ ਦੀ ਤਲਾਸ਼ ਤੋਂ ਬਾਅਦ ਮਾਰੂ ਮਿਲਿਆ ਤਾਂ ਸਾਰੇ ਹੈਰਾਨ ਹੋ ਗਏ ਕਿ ਉਹ ਆਪਣੇ ਪੁਰਾਣੇ ਮਾਲਕ ਦੇ ਘਰ ਪਹੁੰਚ ਗਿਆ ਸੀ। ਇੰਨੇ ਲੰਮੇ ਸਫਰ ਦੌਰਾਨ ਮਾਰੂ ਕਾਫੀ ਥੱਕਿਆ ਹੋਇਆ ਸੀ। ਉਸ ਦਾ ਇੱਕ ਪੈਰ ਵੀ ਟੁੱਟਿਆ ਹੋਇਆ ਸੀ ਤੇ ਥਾਂ-ਥਾਂ ਸੱਟਾਂ ਦੇ ਨਿਸ਼ਾਨ ਸਨ।