ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2700 ਕਰੋੜ ਦੀ ਹੈਰੋਇਨ ਪਾਕਿਸਤਾਨ ਤੋਂ ਮੰਗਵਾਉਣ ਦੇ ਮਾਮਲੇ ਵਿੱਚ ਕਾਰੋਬਾਰੀ ਗੁਰਪਿੰਦਰ ਸਿੰਘ ਦੀ ਬੀਤੇ ਕੱਲ੍ਹ ਹੋਈ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਗੁਰਪਿੰਦਰ ਸਿੰਘ ਨੂੰ 29 ਜੂਨ ਨੂੰ ਪਾਕਿਸਤਾਨੀ ਨਮਕ ਵਿੱਚ ਲੁਕਾ ਕੇ ਭੇਜੀ 532 ਕਿੱਲੋ ਹੈਰੋਇਨ ਦਾ ਪਤਾ ਲੱਗਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਗੁਰਪਿੰਦਰ ਖ਼ਿਲਾਫ਼ ਦੋ ਵੱਖ-ਵੱਖ ਥਾਣਿਆਂ ਵਿੱਚ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਹਨ। ਮੁੱਖ ਮੰਤਰੀ ਨੇ ਹੁਕਮ ਦਿੱਤੇ ਹਨ ਕਿ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਅਗਰਵਾਲ ਮਾਮਲੇ ਦੀ ਜਾਂਚ ਕਰਨਗੇ। ਇਹ ਜਾਂਚ ਮ੍ਰਿਤਕ ਦੀ ਪੋਸਟ ਮਾਰਟਮ ਰਿਪੋਰਟ ਤੋਂ ਵੱਖਰੀ ਹੋਵੇਗੀ, ਜਿਸ ਨੂੰ ਡਾਕਟਰਾਂ ਦਾ ਉੱਚ ਪੱਧਰੀ ਬੋਰਡ ਕਰੇਗਾ। ਗੁਰਪਿੰਦਰ ਸਿੰਘ ਨੂੰ ਬੀਤੀ 18 ਜੁਲਾਈ ਨੂੰ ਅੰਮ੍ਰਿਤਸਰ ਜੇਲ੍ਹ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਸਿਹਤ ਜ਼ਿਆਦਾ ਖਰਾਬ ਦੇਖ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਇਹ ਵੀ ਪੜ੍ਹੋ- ਪਾਕਿਸਤਾਨ ਤੋਂ 2700 ਕਰੋੜ ਦੀ ਚਿੱਟਾ ਮੰਗਵਾਉਣ ਦੇ ਮੁਲਜ਼ਮ ਗੁਰਪਿੰਦਰ ਦੀ ਹਿਰਾਸਤ 'ਚ ਮੌਤ ਗੁਰਪਿੰਦਰ ਸਿੰਘ ਸ਼ੂਗਰ ਦਾ ਮਰੀਜ਼ ਸੀ ਤੇ ਉਸ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਸੀ। ਉਸ ਨੂੰ ਜੋ ਜੁਲਾਈ ਤੋਂ ਲੈ ਕੇ ਸੱਤ ਜੁਲਾਈ ਤਕ ਵੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਅਗਲੇ ਦਿਨ ਤੋਂ 11 ਜੁਲਾਈ ਤਕ ਉਸ ਨੂੰ ਰਾਜਾਸਾਂਸੀ ਪੁਲਿਸ ਨੇ ਹਿਰਾਸਤ ਵਿੱਚ ਰੱਖਿਆ ਸੀ। ਫਿਰ 12 ਜੁਲਾਈ ਤੋਂ 18 ਜੁਲਾਈ ਤਕ ਉਸ ਤੋਂ ਘਰਿੰਡਾ ਪੁਲਿਸ ਨੇ ਪੁੱਛਗਿੱਛ ਕੀਤੀ ਸੀ। 18 ਜੁਲਾਈ ਨੂੰ ਉਸ ਨੂੰ ਮੁੜ ਤੋਂ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ, ਜਿੱਥੇ ਉਸ ਦੀ ਸਿਹਤ ਫਿਰ ਵਿਗੜਨ ਲੱਗੀ ਤੇ ਬੀਤੇ ਕੱਲ੍ਹ ਉਸ ਦੀ ਮੌਤ ਹੋ ਗਈ।