ਫ਼ਿਰੋਜ਼ਾਬਾਦ: ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ, ਸੋਨੂੰ ਨਾਂ ਦੇ ਲੜਕੇ ਨੂੰ ਦੋ ਘੰਟਿਆਂ ਲਈ ਬਾਲੀਵੁੱਡ ਫ਼ਿਲਮ 'ਨਾਇਕ' ਦੀ ਤਰਜ਼ 'ਤੇ ‘ਸੀਓ ਟ੍ਰੈਫਿਕ’ ਦੀ ਜ਼ਿੰਮੇਵਾਰੀ ਮਿਲੀ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਉਸ ਦਾ ਹੁਕਮ ਵੀ ਮੰਨਿਆ। ਨੌਜਵਾਨ ਨੇ ਨਿਯਮਾਂ ਨੂੰ ਤੋੜਨ ਵਾਲਿਆਂ ਦਾ ਚਲਾਨ ਕੱਟਿਆ ਤੇ 1600 ਰੁਪਏ ਜੁਰਮਾਨਾ ਵੀ ਵਸੂਲਿਆ।
ਮਾਮਲਾ ਇਹ ਸੀ ਕਿ ਸੋਨੂੰ ਸ਼ਹਿਰ ਵਿੱਚ ਜਾਮ ਦੀ ਸਮੱਸਿਆ ਤੋਂ ਪ੍ਰੇਸ਼ਾਨ ਸੀ। ਉਹ ਮੰਗਲਵਾਰ ਨੂੰ ਐਸਐਸਪੀ ਕੋਲ ਸ਼ਿਕਾਇਤ ਦਰਜ ਕਰਨ ਗਿਆ ਪਰ ਐਸਐਸਪੀ ਨੇ ਨਿਯਮਾਂ ਨੂੰ ਤੋੜਨ ਦੀ ਆਦਤ ਦਾ ਹਵਾਲਾ ਦਿੰਦੇ ਹੋਏ ਲੋਕਾਂ ਨੂੰ ਦੋ ਘੰਟੇ ਟ੍ਰੈਫਿਕ ਸੰਭਾਲਣ ਦੀ ਚੁਣੌਤੀ ਦਿੱਤੀ ਤੇ ਸੋਨੂੰ ਨੇ ਵੀ ਚੁਣੌਤੀ ਨੂੰ ਸਵੀਕਾਰ ਕਰ ਲਿਆ।
ਐਸਐਸਪੀ ਨੇ ਉਸ ਦੀ ਗੱਲ ਧਿਆਨ ਨਾਲ ਸੁਣੀ ਅਤੇ ਉਸ ਨੂੰ ਚੁਣੌਤੀ ਦਿੱਤੀ ਕਿ ਉਹ ਇੱਕ ਦਿਨ ਲਈ ਸੀਓ ਟ੍ਰੈਫਿਕ ਦੀ ਜ਼ਿੰਮੇਵਾਰੀ ਨਿਭਾਏ। ਇਸ ਵਿੱਚ ਇਹ ਵੀ ਪੁੱਛਿਆ ਗਿਆ, ਜੇ ਉਸ ਨੂੰ ਇਹ ਜ਼ਿੰਮੇਵਾਰੀ ਮਿਲਦੀ ਹੈ, ਤਾਂ ਉਹ ਸਿਸਟਮ ਨੂੰ ਕਿਵੇਂ ਠੀਕ ਕਰੇਗਾ?
ਇਹ ਸੁਣਦਿਆਂ ਹੀ ਸੋਨੂੰ ਪਹਿਲਾਂ ਪ੍ਰੇਸ਼ਾਨੀ ਵਿੱਚ ਪੈ ਗਿਆ। ਬਾਅਦ ਵਿੱਚ ਉਸ ਨੇ ਚੁਣੌਤੀ ਨੂੰ ਸਵੀਕਾਰ ਕਰ ਲਿਆ। ਉਸ ਤੋਂ ਬਾਅਦ ਐਸਐਸਪੀ ਸਚਿੰਦਰਾ ਪਟੇਲ ਨੇ ਸੋਨੂੰ ਨੂੰ ਦੋ ਘੰਟੇ ਟ੍ਰੈਫਿਕ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੌਂਪੀ ਤੇ ਸਰਕਲ ਅਫਸਰ ਦੇ ਅਹੁਦੇ ਲਈ ਉਸ ਨੂੰ ‘ਟ੍ਰੈਫਿਕ ਵਾਲੰਟੀਅਰ’ ਵਜੋਂ ਨਾਮ ਦਿੱਤਾ।
ਸੋਨੂੰ ਸਰਕਾਰੀ ਗੱਡੀ ਰਾਹੀਂ ਸੁਭਾਸ਼ ਚੌਕ ਪਹੁੰਚਿਆ, ਜਿਥੇ ਉਸ ਨੇ ਆਪਣੀ ਮੁਹਿੰਮ ਚਲਾਈ। ਸੋਨੂੰ ਨੇ ਬੱਸ ਸਟੈਂਡ ਵਿਖੇ ਗੈਰ ਕਾਨੂੰਨੀ ਢੰਗ ਨਾਲ ਖੜ੍ਹੀਆਂ ਬੱਸਾਂ ਬਾਹਰ ਕੱਢੀਆਂ। ਸੋਨੂੰ ਦੇ ਨਾਲ ਆਏ ਟ੍ਰੈਫਿਕ ਇੰਸਪੈਕਟਰ ਰਾਮਦੱਤ ਸ਼ਰਮਾ ਨੇ ਦੱਸਿਆ ਕਿ ਅੱਠ ਵਾਹਨਾਂ ਨੂੰ ਗਲਤ ਪਾਰਕਿੰਗ ਕਰਨ ਤੇ ਸੜਕ ਦੇ ਗਲਤ ਪਾਸੇ ਵਾਹਨ ਚਲਾਉਣ ਲਈ ਨੋਟਿਸ ਜਾਰੀ ਕੀਤੇ ਗਏ ਸਨ।
ਸੋਨੂੰ ਨੇ ਕਿਹਾ, “ਇਸ ਤਜਰਬੇ ਨੇ ਮੈਨੂੰ ਟ੍ਰੈਫਿਕ ਪੁਲਿਸ ਦੀ ਸਮੱਸਿਆ ਤੇ ਗੜਬੜੀ ਵਾਲੇ ਟ੍ਰੈਫਿਕ ਦੇ ਕਾਰਨ ਨੂੰ ਸਮਝਣ ਦਾ ਮੌਕਾ ਦਿੱਤਾ ਹੈ। ਤੁਹਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰੇਗੀ। ”