ਬੀਜਿੰਗ : ਤਿੱਬਤ ਦੀ ਵਿਸ਼ਵ ਪ੍ਰਸਿੱਧ ਮਾਸਟਿਫ ਨਸਲ ਦੇ ਕੁੱਤੇ ਜੋ ਕਦੀ ਚੀਨ 'ਚ ਕਰੀਬ ਤਿੰਨ ਕਰੋੜ ਰੁਪਏ ਤਕ ਵਿਕਿਆ ਕਰਦੇ ਸਨ, ਅੱਜ ਉਨ੍ਹਾਂ ਦੀ ਕੀਮਤ ਘਟ ਕੇ ਸਿਰਫ਼ ਕੁਝ ਹਜ਼ਾਰ ਰਹਿ ਗਈ ਹੈ। ਇਸ ਕਾਰਨ ਤਿੱਬਤ 'ਚ ਇਨ੍ਹਾਂ ਕੁੱਤਿਆਂ ਨੂੰ ਸੜਕਾਂ 'ਤੇ ਲਾਵਾਰਸ ਛੱਡ ਦਿੱਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਇਸ ਨਸਲ ਦੇ ਕੁੱਤੇ ਰਾਣੀ ਵਿਕਟੋਰੀਆ ਤੋਂ ਲੈ ਕੇ ਚੰਗੇਜ਼ ਖ਼ਾਨ ਤਕ ਪਾਲਦੇ ਸਨ। ਇਨ੍ਹਾਂ ਕੁੱਤਿਆਂ ਦੀ ਉਚਾਈ ਜ਼ਿਆਦਾ ਹੁੰਦੀ ਹੈ। ਇਹ ਵੇਖਣ 'ਚ ਸ਼ੇਰ ਜਿਹੇ ਲਗਦੇ ਹਨ। ਅਸਲ 'ਚ ਪਿਛਲੇ ਦਿਨੀਂ ਚੀਨ ਦੇ ਜ਼ਿਆਦਾਤਰ ਸ਼ਹਿਰਾਂ 'ਚ 35 ਸੈਂਟੀਮੀਟਰ ਤੋਂ ਵੱਡੇ ਕੁੱਤਿਆਂ ਦੇ ਪਾਲਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਨਾਲ ਇਨ੍ਹਾਂ ਕੁੱਤਿਆਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆਈ ਹੈ। ਇਸ ਲਈ ਤਿੱਬਤ ਤੇ ਉਸਦੀ ਸਰਹੱਦ ਨਾਲ ਲਗਦੇ ਸੂਬਿਆਂ 'ਚ ਇਹ ਕੁੱਤੇ ਖੁੱਲ੍ਹੇ ਛੱਡ ਦਿੱਤੇ ਗਏ ਹਨ। ਇਸ ਸਥਿਤੀ 'ਚ ਇਹ ਆਮ ਲੋਕਾਂ ਨਾਲ ਹੋਰਨਾਂ ਪਾਲਤੂ ਪਸ਼ੂਆਂ ਲਈ ਖ਼ਤਰਾ ਬਣ ਗਏ ਹਨ। ਇਹ ਭੋਜਨ ਲਈ ਜਾਨਵਰਾਂ ਤੇ ਲੋਕਾਂ 'ਤੇ ਹਮਲਾ ਕਰ ਰਹੇ ਹਨ। ਇੱਥੋਂ ਤਕ ਕਿ ਸਨੋ ਟਾਈਗਰ 'ਤੇ ਹਮਲਾ ਕਰਨ ਤੋਂ ਵੀ ਬਾਜ਼ ਨਹੀਂ ਆਉਂਦੇ, ਜੋ ਚੀਨ 'ਚ ਦੁਰਲੱਭ ਪਸ਼ੂ ਹੈ। ਹਾਲਾਂਕਿ ਤਿੱਬਤ ਸਰਕਾਰ ਤੇ ਇਕ ਮੰਦਿਰ ਮਿਲ ਕੇ 1200 ਆਵਾਰਾ ਮਾਸਟਿਫ ਕੁੱਤਿਆਂ ਲਈ ਡੌਗ ਕੰਪਾਉਂਡ ਬਣਾ ਰਹੇ ਹਨ। ਤਿੱਬਤੀ ਮਾਸਟਿਫ ਦੁਨੀਆ 'ਚ ਸਭ ਤੋਂ ਮਹਿੰਗੀ ਨਸਲ ਦੇ ਕੁੱਤੇ ਮੰਨੇ ਜਾਂਦੇ ਹਨ।