ਪੰਚਕੂਲਾ ਅਦਾਲਤ 'ਚ ਹਰਿਆਣਾ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਰਾਮ ਰਹੀਮ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਸਜ਼ਾ ਸੁਣਾਉਣ ਵਾਲੇ ਸੀਬੀਆਈ ਦੇ ਜੱਜ ਜਗਦੀਪ ਸਿੰਘ ਹੀ ਰਣਜੀਤ ਸਿੰਘ ਅਤੇ ਰਾਮ ਚੰਦਰ ਛਤਰਪਤੀ ਕਤਲ ਕਾਂਡ ਦੀ ਸੁਣਵਾਈ ਕਰ ਰਹੇ ਹਨ।
ਰਣਜੀਤ ਤੇ ਛਤਰਪਤੀ ਕਤਲ ਕੇਸ ਵੀ 15 ਸਾਲ ਪੁਰਾਣੇ
10 ਜੁਲਾਈ, 2002 ਨੂੰ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਕੁਰੂਕਸ਼ੇਤਰ ਦੇ ਰਣਜੀਤ ਦਾ ਕਤਲ ਹੋਇਆ ਸੀ। ਡੇਰਾ ਮੈਨੇਜਮੈਂਟ ਨੂੰ ਸ਼ੱਕ ਸੀ ਕਿ ਰਣਜੀਤ ਨੇ ਸਾਧਵੀ ਸਰੀਰਕ ਸ਼ੋਸ਼ਣ ਦੀ ਗੁਮਨਾਮ ਚਿੱਠੀ ਆਪਣੀ ਭੈਣ ਤੋਂ ਹੀ ਲਿਖਵਾਈ ਸੀ। ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 'ਚ ਹਾਈ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। 24 ਅਕਤੂਬਰ, 2002 ਨੂੰ ਸਿਰਸਾ ਦੇ ਅਖ਼ਬਾਰ 'ਪੂਰਾ ਸੱਚ' ਦੇ ਸੰਪਾਦਕ ਰਾਮ ਚੰਦਰ ਛਤਰਪਤੀ ਨੂੰ ਪੰਜ ਗੋਲੀਆਂ ਮਾਰੀਆਂ ਗਈਆਂ ਜਿਸ ਦੀ 21 ਨਵੰਬਰ, 2002 ਨੂੰ ਦਿੱਲੀ ਦੇ ਅਪੋਲੋ ਹਸਪਤਾਲ 'ਚ ਮੌਤ ਹੋ ਗਈ।
ਜਨਵਰੀ 2003 'ਚ ਪੱਤਰਕਾਰ ਛਤਰਪਤੀ ਦੇ ਪੁੱਤਰ ਅੰਸੁਲ ਛਤਰਪਤੀ ਨੇ ਹਾਈ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ। ਹਾਈ ਕੋਰਟ ਨੇ ਛਤਰਪਤੀ ਤੇ ਰਣਜੀਤ ਕਤਲ ਕਾਂਡ ਦੀ ਇਕੱਠਿਆਂ ਸੁਣਵਾਈ ਕਰਦਿਆਂ 10 ਨਵੰਬਰ, 2003 ਨੂੰ ਸੀਬੀਆਈ ਨੂੰ ਐੱਫਆਈਆਰ ਦਰਜ ਕਰ ਕੇ ਜਾਂਚ ਕਰਨ ਦੇ ਹੁਕਮ ਦਿੱਤੇ। ਦਸੰਬਰ 2003 'ਚ ਸੀਬੀਆਈ ਨੇ ਛਤਰਪਤੀ ਤੇ ਰਣਜੀਤ ਕਤਲ ਕਾਂਡ 'ਚ ਜਾਂਚ ਸ਼ੁਰੂ ਕੀਤੀ। ਡੇਰੇ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਕੇ ਸੀਬੀਆਈ ਜਾਂਚ 'ਤੇ ਰੋਕ ਦੀ ਮੰਗ ਕੀਤੀ। ਨਵੰਬਰ 2004 'ਚ ਦੂਜੀ ਧਿਰ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਡੇੇਰੇ ਦੀ ਪਟੀਸ਼ਨ ਖਾਰਜ ਕਰ ਦਿੱਤੀ।