ਲੰਡਨ: ਬ੍ਰਿਟੇਨ ਦਾ ਇੱਕ ਕਾਰੋਬਾਰੀ ਆਪਣੀ ਪਤਨੀ ਨੂੰ ਝੂਠ ਬੋਲ ਆਪਣੀ ਪ੍ਰੇਮਿਕਾ ਨਾਲ ਇਟਲੀ ਦੀ ਯਾਤਰਾ 'ਤੇ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਉਸ ਨੂੰ ਕੋਰੋਨਾਵਾਇਰਸ ਸੀ। ਹਾਲਾਂਕਿ ਉਸ ਨੂੰ ਕੋਰੋਨਾ ਪੀੜਤ ਹੋਣ ਬਾਰੇ ਇੰਨੀ ਚਿੰਤਾ ਨਹੀਂ ਸੀ, ਜਿੰਨੀ ਉਸ ਨੂੰ ਇਸ ਗੱਲ ਦੀ ਸੀ ਕਿ ਉਸ ਦੀ ਪਤਨੀ ਨੂੰ ਇਟਲੀ ਦੇ ਸੈਰ ਸਪਾਟੇ ਬਾਰੇ ਨਾ ਪਤਾ ਲੱਗ ਜਾਵੇ। ਟਰਿਪ ਤੋਂ ਵਾਪਸ ਪਰਤਣ 'ਤੇ ਉਹ ਕੋਰੋਨਵਾਇਰਸ ਨਾਲ ਸੰਕਰਮਿਤ ਪਾਇਆ ਗਿਆ, ਪਰ ਫਿਰ ਵੀ ਉਸ ਨੇ ਝੂਠ ਬੋਲਿਆ। ਉਸ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਕਾਰੋਬਾਰੀ ਦੌਰੇ ਦੌਰਾਨ ਹੀ ਉਸ ਨੂੰ ਕੋਰੋਨਾ ਹੋ ਗਿਆ ਸੀ। ਇਹ ਝੂਠ ਪਤਨੀ ਦੇ ਸਾਮ੍ਹਣੇ ਤਾਂ ਚੱਲ ਗਿਆ ਪਰ ਡਾਕਟਰਾਂ ਦੇ ਸਾਹਮਣੇ ਨਹੀਂ ਚੱਲ ਸਕਿਆ।


ਕਾਰੋਬਾਰੀ ਦੇ ਇੱਕ ਨੇੜਲੇ ਸਾਥੀ ਨੇ ਦੱਸਿਆ ਕਿ ਜਦੋਂ ਡਾਕਟਰਾਂ ਨੇ ਉਸ ਨੂੰ ਉਸ ਦੀ ਟਰੈਵਲ ਹਿਸਟਰੀ ਪੁੱਛੀ ਤਾਂ ਉਸ ਨੇ ਦੱਸਿਆ ਕਿ ਉਹ ਇਟਲੀ ਗਿਆ ਸੀ ਤੇ ਉਥੇ ਹੀ ਉਸਨੂੰ ਕੋਰੋਨਾ ਹੋਇਆ ਸੀ। ਉਸ ਨੇ ਅਜੇ ਤੱਕ ਡਾਕਟਰਾਂ ਨੂੰ ਸੂਚਿਤ ਨਹੀਂ ਕੀਤਾ ਸੀ ਕਿ ਉਸ ਦੀ ਇੱਕ ਪ੍ਰੇਮਿਕਾ ਵੀ ਉਸ ਨਾਲ ਸੀ। ਦਰਅਸਲ, ਉਸ ਨੂੰ ਡਰ ਹੈ ਕਿ ਜੇ ਉਹ ਸਿੱਧੇ ਤੌਰ 'ਤੇ ਡਾਕਟਰਾਂ ਨੂੰ ਪ੍ਰੇਮਿਕਾ ਦਾ ਪਤਾ ਦਿੰਦਾ ਹੈ ਤਾਂ ਇਹ ਖ਼ਬਰ ਉਸ ਦੀ ਪਤਨੀ ਤੱਕ ਨਾ ਪਹੁੰਚ ਜਾਵੇ। ਇਸ ਦੇ ਨਾਲ ਹੀ ਇਹ ਡਰ ਵੀ ਹੈ ਕਿ ਜੇ ਡਾਕਟਰ ਏਅਰ ਲਾਈਨ ਕੰਪਨੀ ਵਿੱਚ ਜਾ ਕੇ ਪਤਾ ਲਾਉਣਗੇ ਤਾਂ ਪ੍ਰੇਮਿਕਾ ਦਾ ਖੁਲਾਸਾ ਹੋ ਹੀ ਜਾਵੇਗਾ।



ਡਾਕਟਰਾਂ ਲਈ ਇਹ ਜਾਣਨਾ ਵੀ ਮਹੱਤਵਪੂਰਨ ਹੈ ਕਿ ਉਹ ਕਿਨ੍ਹਾਂ-ਕਿਨ੍ਹਾਂ ਲੋਕਾਂ ਦੇ ਸੰਪਰਕ 'ਚ ਆਇਆ ਹੈ ਤੇ ਕੀ ਉਹ ਲੋਕ ਸਿਹਤਮੰਦ ਹਨ ਜਾਂ ਨਹੀਂ। ਹਾਲਾਂਕਿ, ਇਸ ਵਿਅਕਤੀ ਦੀ ਪਤਨੀ ਸਾਵਧਾਨੀ ਦੇ ਤੌਰ ਤੇ ਅਲੱਗ-ਥਲੱਗ ਹੋ ਗਈ ਹੈ, ਪਰ ਇਸ ਕਾਰੋਬਾਰੀ ਦੀਆਂ ਨੀਂਦਾਂ ਉਡੀਆਂ ਪਈਆਂ ਹਨ।