ਨਵੀਂ ਦਿੱਲੀ: ਤੁਹਾਨੂੰ ਜਾਣਕੇ ਖੁਸ਼ੀ ਹੋਵੇਗੀ ਕਿ ਦੁਨੀਆਂ ਦੀਆਂ ਸਭ ਤੋਂ ਤਾਕਤਵਰ ਸੈਨਾਵਾਂ ਵਿੱਚੋਂ ਇੱਕ ਭਾਰਤੀ ਸੈਨਾ ਨੇ ਨਵਾਂ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ ਹੈ। ਸੈਨਾ ਨੇ ਇੱਕ ਅਜਿਹਾ ਕਰਤੱਬ ਦਿਖਾਇਆ ਹੈ ਜਿਸ ਨੂੰ ਵਿਸ਼ਵ ਰਿਕਾਰਡ ਵਿੱਚ ਦਰਜ ਕਰ ਲਿਆ ਗਿਆ ਹੈ। ਦੇਸ਼ ਦਾ ਨਾਂ ਰੌਸ਼ਨ ਕਰਨ ਵਾਲਾ ਅਜਿਹਾ ਹੀ ਇੱਕ ਕਾਰਨਾਮਾ ਸਾਡੇ ਦੇਸ਼ ਦੇ ਬਹਾਦਰ ਸੈਨਿਕਾਂ ਨੇ ਕੀਤਾ ਹੈ। ਭਾਰਤੀ ਸੈਨਾ ਦੇ 58 ਜਵਾਨਾਂ ਨੇ 19 ਨਵੰਬਰ ਨੂੰ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਡੇਢ ਕਿਲੋਮੀਟਰ ਦਾ ਸਫਰ ਤਹਿ ਕੀਤਾ। ਸੈਨਿਕਾਂ ਦੇ ਇਸ ਅਨੋਖੇ ਕਰਤੱਬ ਨੇ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਭਾਰਤੀ ਸੈਨਾ ਦਾ ਇੱਕ ਗੌਰਵਮਈ ਇਤਿਹਾਸ ਰਿਹਾ ਹੈ, ਭਾਵੇਂ ਸਰਹੱਦ 'ਤੇ ਦੁਸ਼ਮਣਾਂ ਦੇ ਦੰਦ ਖੱਟੇ ਕਰਨੇ ਹੋਣ ਜਾਂ ਫਿਰ ਕਿਸੇ ਮੁਸ਼ਕਲ ਦੀ ਘੜੀ ਵਿੱਚ ਲੋਕਾਂ ਦੀ ਮਦਦ ਕਰਨੀ ਹੋਵੇ, ਸੈਨਾ ਨੇ ਹਮੇਸ਼ਾਂ ਆਪਣੇ ਜੌਹਰ ਦਿਖਾਏ ਹਨ ਤੇ ਪੂਰੇ ਸੰਸਾਰ ਵਿੱਚ ਵਾਹਵਾਹੀ ਖੱਟੀ ਹੈ। ਇਹ ਹੀ ਕਾਰਨ ਹੈ ਜਦੋਂ ਸੈਨਾ ਦਾ ਜ਼ਿਕਰ ਆਉਂਦਾ ਹੈ ਤਾਂ ਦੇਸ਼ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ।