ਆਰ.ਐੱਸ.ਐੱਸ. ਦੇ ਵਰਕਰ ਦਾ ਕਤਲ...
ਏਬੀਪੀ ਸਾਂਝਾ | 22 Nov 2017 09:45 AM (IST)
ਮੇਰਠ- ਸ਼ਹਿਰ ਦੇ ਸਿਵਲ ਥਾਣਾ ਖੇਤਰ ਵਿੱਚ ਆਰ ਐੱਸ ਐੱਸ ਦੇ ਇੱਕ ਵਰਕਰ ਸੁਨੀਲ ਗਰਗ (56) ਨੂੰ ਐਤਵਾਰ ਦੇਰ ਰਾਤ ਕਤਲ ਕਰ ਦਿੱਤਾ ਗਿਆ। ਲੋਹੇ ਦੇ ਕਾਰੋਬਾਰ ਨਾਲ ਜੁੜੇ ਹੋਏ ਸੁਨੀਲ ਗਰਗ ਦੇ ਸਿਰ, ਚਿਹਰੇ ਤੇ ਧੌਣ ਨੂੰ ਅਪਰਾਧੀਆਂ ਨੇ ਵੱਢ ਦਿੱਤਾ ਤੇ ਲਾਸ਼ ਬੋਰੀ ‘ਚ ਬੰਦ ਕਰ ਕੇ ਮੈਡੀਕਲ ਥਾਣਾ ਖੇਤਰ ਵਿੱਚ ਸੜਕ ਕੰਢੇ ਸੁੱਟ ਦਿੱਤੀ। ਪੁਲਸ ਨੂੰ ਸ਼ੱਕ ਹੈ ਕਿ ਪੈਸਿਆਂ ਦੇ ਲੈਣ-ਦੇਣ ਵਿੱਚ ਇਹ ਕਤਲ ਕੀਤਾ ਗਿਆ ਹੈ। ਕੱਲ੍ਹ ਇਥੇ ਪੁਲਸ ਸੂਤਰਾਂ ਨੇ ਦੱਸਿਆ ਕਿ ਸੁਨੀਲ ਗਰਗ ਦਾ ਸੂਰਜਕੁੰਡ ਵਿਖੇ ਲੋਹੇ ਦਾ ਕਾਰੋਬਾਰ ਸੀ। ਐਤਵਾਰ ਸ਼ਾਮ ਉਹ ਘਰੋਂ ਬਾਈਕ ‘ਤੇ ਸੂਰਜਕੁੰਡ ਲਈ ਗਏ ਸਨ। ਰਾਤ ਦੇਰ ਤੱਕ ਜਦੋਂ ਉਹ ਘਰ ਨਾ ਪਰਤੇ ਤਾਂ ਪਰਵਾਰਕ ਮੈਂਬਰਾਂ ਨੇ ਮੋਬਾਇਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਫੋਨ ਕਵਰੇਜ਼ ਏਰੀਏ ਤੋਂ ਬਾਹਰ ਆ ਰਿਹਾ ਸੀ। ਇਸ ‘ਤੇ ਪਰਵਾਰ ਨੇ ਪੁਲਸ ਨੂੰ ਸੂਚਨਾ ਦਿੱਤੀ। ਕੱਲ੍ਹ ਤੜਕੇ ਉਨ੍ਹਾਂ ਦੀ ਬਾਈਕ ਸੂਰਜਕੁੰਡ ਦੇ ਇੱਕ ਨਰਸਿੰਗ ਹੋਮ ਦੇ ਬਾਹਰ ਖੜ੍ਹੀ ਮਿਲੀ। ਪੁਲਸ ਨੇ ਕੁਝ ਲੋਕਾਂ ਦੀ ਸੂਚਨਾ ਦੇ ਆਧਾਰ ‘ਤੇ ਨਾਲ ਲੱਗਦੇ ਇੱਕ ਨਾਲੇ ‘ਚੋਂ ਬੋਰੀ ਵਿੱਚ ਬੰਦ ਸੁਨੀਲ ਗਰਗ ਦੀ ਲਾਸ਼ ਬਰਾਮਦ ਕੀਤੀ। ਪਰਵਾਰਕ ਮੈਂਬਰਾਂ ਅਨੁਸਾਰ ਸੁਨੀਲ ਲੰਬੇ ਸਮੇਂ ਤੋਂ ਆਰ ਐਸ ਐਸ ਦੇ ਸਰਗਰਮ ਵਰਕਰ ਸਨ।