ਨਵੀਂ ਦਿੱਲੀ- ਇੰਡੀਗੋ ਏਅਰਲਾਈਨਜ਼ ਹੁਣ ਫਿਰ ਵਿਵਾਦਾਂ ਵਿੱਚ ਆ ਗਈ ਹੈ। ਉਸ ਦੇ ਕੁਝ ਮੁਲਾਜ਼ਮਾਂ ਵੱਲੋਂ ਇਕ ਸਵਾਰੀ ਦੀ ਕੁੱਟਮਾਰ ਦੇ ਬਾਅਦ ਹੁਣ ਇੰਡੀਗੋ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਦਰਜ ਕੀਤਾ ਗਿਆ ਹੈ, ਜਿਹੜਾ ਇੱਕ ਮੁਸਾਫਰ ਨੇ ਦਰਜ ਕਰਵਾਇਆ ਹੈ।ਮਿਲੀ ਜਾਣਕਾਰੀ ਮੁਤਾਬਕ ਪ੍ਰਮੋਦ ਕੁਮਾਰ ਜੈਨ ਨਾਮ ਦੇ ਵਿਅਕਤੀ ਨੇ ਇਹ ਕੇਸ ਸਰੋਜਨੀ ਨਗਰ ਪੁਲਸ ਸਟੇਸ਼ਨ ਵਿੱਚ ਦਰਜ ਕਰਵਾਇਆ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਬੈਂਗਲੁਰੂ ਤੋਂ ਦੁਬਈ ਫਲਾਈਟ ਵਿੱਚ ਏਅਰ ਲਾਈਨ ਨੇ ਉਸ ਤੋਂ ਭਾਰਤੀ ਕਰੰਸੀ ਲੈਣ ਤੋਂ ਇਨਕਾਰ ਕਰ ਦਿੱਤਾ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪ੍ਰਮੋਦ ਨੇ ਫਲਾਈਟ ਵਿੱਚ ਖਾਣੇ ਦੇ ਬਦਲੇ ਸਟਾਫ ਨੂੰ ਭਾਰਤੀ ਕਰੰਸੀ ਦਿੱਤੀ ਤਾਂ ਸਟਾਫ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਵਿਦੇਸ਼ੀ ਕਰੰਸੀ ਲੈਣ ਦੀ ਹਦਾਇਤ ਹੈ। ਪ੍ਰਮੋਦ ਨੇ ਦੱਸਿਆ ਕਿ ਲਗਾਤਾਰ ਕਹਿਣ ਉੱਤੇ ਵੀ ਉਨ੍ਹਾ ਨੇ ਭਾਰਤੀ ਕਰੰਸੀ ਨਹੀਂ ਲਈ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਦੇਸ਼ ਧਰੋਹ ਦਾ ਕੇਸ ਹੈ ਤੇ ਕੋਈ ਭਾਰਤੀ ਏਅਰਲਾਈਨ ਭਾਰਤੀ ਕਰੰਸੀ ਲੈਣ ਤੋਂ ਨਾਂਹ ਨਹੀਂ ਕਰ ਸਕਦੀ। ਪ੍ਰਮੋਦ ਨੇ ਦੱਸਿਆ ਕਿ ਉਨ੍ਹਾਂ ਦੇ ਇਤਰਾਜ਼ ਕਰਨ ਉੱਤੇ ਸਟਾਫ ਨੇ ਕੰਪਨੀ ਪਾਲਿਸੀ ਦਾ ਹਵਾਲਾ ਦਿੱਤਾ। ਏਅਰਲਾਈਨ ਦੇ ਮੈਨਿਯੂ ਵਿੱਚ ਔਰੀਜਜਿਨ(ਜਿੱਥੋਂ ਫਲਾਈਟ ਚੱਲੀ ਹੋਵੇ) ਅਤੇ ਡੈਸਟੀਨੇਸ਼ਨ (ਜਿੱਥੇ ਜਾਣੀ ਹੈ) ਵਾਲੀ ਕਰੰਸੀ ਵਿੱਚ ਭੁਗਤਾਨ ਕਰਨ ਦਾ ਬਦਲ ਮੌਜੂਦ ਹੈ। ਉਸ ਨੇ ਦੱਸਿਆ ਕਿ ਇਸ ਘਟਨਾ ਮੌਕੇ ਉਨ੍ਹਾਂ ਨੂੰ ਵਿਦੇਸ਼ੀ ਯਾਤਰੀਆਂ ਦੇ ਸਾਹਮਣੇ ਸ਼ਰਮਿੰਦਾ ਅਤੇ ਅਪਮਾਨਤ ਮਹਿਸੂਸ ਹੋਣਾ ਪਿਆ। ਵਰਨਣ ਯੋਗ ਹੈ ਕਿ ਕੁਝ ਦਿਨ ਪਹਿਲੇ ਇੰਡੀਗੋ ਦੇ ਖਿਲਾਫ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਇਕ ਵੀਡੀਓ ਵਿੱਚ ਇੰਡੀਗੋ ਗਰਾਊਂਡ ਸਟਾਫ ਨੇ ਬਜ਼ੁਰਗ ਪੈਂਸੇਜ਼ਰ ਨਾਲ ਕੁੱਟਮਾਰ ਕੀਤੀ ਸੀ। ਕੰਪਨੀ ਨੇ ਇਸ ਮਾਮਲੇ ਵਿੱਚ ਬਿਆਨ ਜਾਰੀ ਕਰਕੇ ਮੁਆਫੀ ਮੰਗੀ ਸੀ।