ਚੰਡੀਗੜ੍ਹ : ਆਪਣੀ 100 ਕਰੋੜ ਰੁਪਏ ਦੀ ਜਾਇਦਾਦ ਛੱਡ ਕੇ ਮੱਧ ਪ੍ਰਦੇਸ਼ ਦੇ ਇਕ ਨੌਜਵਾਨ ਜੈਨ ਜੋੜੇ ਨੇ ਸੰਨਿਆਸੀ ਸੰਤ ਤੇ ਸਾਧਵੀ ਦਾ ਜੀਵਨ ਜਿਉਂਣ ਦਾ ਫੈਸਲਾ ਕੀਤਾ ਹੈ। ਨੀਮਚ ਦੇ ਰਹਿਣ ਵਾਲੇ ਇਸ ਜੋੜੇ ਨੂੰ 23 ਸਤੰਬਰ ਨੂੰ ਸਾਧੂ ਮਾਰਗੀ ਜੈਨ ਆਚਾਰੀਆ ਰਾਮਲਾਲ ਵੱਲੋਂ ਦੀਕਸ਼ਾ ਦਿੱਤੀ ਜਾਵੇਗੀ।


ਮੱਧ ਪ੍ਰਦੇਸ਼ ਵਿੱਚ ਨੀਮਚ ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਨਾਹਰ ਸਿੰਘ ਰਾਠੌੜ ਦੇ ਪੋਤੇ ਸੁਮਿਤ ਰਾਠੌੜ ਅਤੇ ਗੋਲਡ ਮੈਡਲ ਨਾਲ ਇੰਜੀਨੀਅਰਿੰਗ ਕਰਨ ਵਾਲੀ ਉਸ ਦੀ ਪਤਨੀ ਅਨਾਮਿਕਾ ਦੇ ਸੰਨਿਆਸ ਲੈਣ ਦੇ ਫੈਸਲੇ ਨਾਲ ਹਰ ਕੋਈ ਹੈਰਾਨ ਹੈ। ਇਨ੍ਹਾਂ ਦਾ ਵਿਆਹ 4 ਸਾਲ ਪਹਿਲਾਂ ਹੀ ਹੋਇਆ ਸੀ ਅਤੇ ਇਨ੍ਹਾਂ ਦੀ ਢਾਈ ਸਾਲ ਸਾਲ ਦੀ ਬੇਟੀ ਵੀ ਹੈ।

ਸਾਧੂ ਮਾਰਗੀ ਜੈਨ ਮੁਨੀ ਸੰਘ ਨੀਮਚ ਦੇ ਸਕੱਤਰ ਪ੍ਰਕਾਸ਼ ਭੰਡਾਰੀ ਦੇ ਮੁਤਾਬਕ ਨੀਮਚ ਦੇ ਵੱਡੇ ਕਾਰੋਬਾਰੀ ਘਰਾਣੇ ਦੇ ਇਸ ਜੋੜੇ ਦੀ 100 ਕਰੋੜ ਰੁਪਏ ਤੋਂ ਵਧ ਜਾਇਦਾਦ ਹੈ। ਪਰਿਵਾਰ ਦੇ ਕਾਫੀ ਸਮਝਾਉਣ ਦੇ ਬਾਵਜੂਦ ਨੌਜਵਾਨ ਜੋੜਾ ਸੰਨਿਆਸ ਲੈਣ ਦੇ ਆਪਣੇ ਫੈਸਲੇ ਉੱਤੇ ਅੜਿਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਰਤ ਵਿੱਚ ਪਿਛਲੇ 22 ਅਗਸਤ ਨੂੰ ਸੁਮਿਤ ਨੇ ਆਚਾਰੀਆ ਰਾਮਲਾਲ ਦੀ ਸਭਾ ਵਿੱਚ ਖੜੇ ਹੋ ਕੇ ਕਹਿ ਦਿੱਤਾ ਕਿ ਮੈਂ ਬਰੇਕ ਲੈਣਾ ਹੈ।

ਫਿਰ ਉਸ ਨੇ ਪ੍ਰਵਚਨ ਖਤਮ ਹੁੰਦੇ ਸਾਰ ਹੱਥ ਤੋਂ ਘੜੀ ਅਤੇ ਦੂਸਰੀਆਂ ਚੀਜ਼ਾਂ ਖੋਲ੍ਹ ਕੇ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤੀਆਂ ਅਤੇ ਆਚਾਰੀਆ ਦੇ ਪਿੱਛੇ ਚਲੇ ਗਏ। ਆਚਾਰੀਆ ਨੇ ਦੀਕਸ਼ਾ ਲੈਣ ਤੋਂ ਪਹਿਲਾਂ ਉਸ ਨੂੰ ਆਪਣੀ ਪਤਨੀ ਦੀ ਆਗਿਆ ਲੈਣਾ ਜ਼ਰੂਰੀ ਦੱਸਿਆ। ਉੱਥੇ ਮੌਜੂਦ ਸੁਮੀਤ ਦੀ ਪਤਨੀ ਅਨਾਮਿਕਾ ਨੇ ਦੀਕਸ਼ਾ ਲੈਣ ਦੀ ਮਨਜ਼ੂਰੀ ਦਿੰਦੇ ਹੋਏ ਆਚਾਰੀਆ ਤੋਂ ਖੁਦ ਵੀ ਦੀਕਸ਼ਾ ਲੈਣ ਦੀ ਇੱਛਾ ਜ਼ਾਹਰ ਕੀਤੀ। ਇਸ ਉੱਤੇ ਆਚਾਰੀਆ ਨੇ ਦੋਵਾਂ ਨੂੰ ਦੀਕਸ਼ਾ ਲੈਣ ਦੀ ਸਹਿਮਤੀ ਦਿੱਤੀ। ਇਸ ਦੌਰਾਨ ਦੋਵਾਂ ਦੇ ਪਰਿਵਾਰ ਤੁਰੰਤ ਸੂਰਤ ਪੁੱਜ ਗਏ ਤੇ ਦੋਵਾਂ ਨੂੰ ਸਮਝਾਇਆ।

ਆਚਾਰੀਆ ਨੇ ਤਿੰਨ ਸਾਲ ਦੀ ਬੇਟੀ ਦਾ ਹਵਾਲਾ ਦਿੰਦੇ ਹੋਏ ਇਸ ਜੋੜੇ ਨੂੰ ਸੰਨਿਆਸ ਦੀ ਇਜਾਜ਼ਤ ਨਹੀਂ ਦਿੱਤੀ। ਇਸ ਕਾਰਨ ਹੀ ਪਿਛਲੇ ਮਹੀਨੇ ਉਨ੍ਹਾਂ ਦੀ ਦੀਕਸ਼ਾ ਟਲ ਗਈ ਸੀ, ਪਰ ਇਸ ਤੋਂ ਬਾਅਦ ਸੁਮਿਤ ਤੇ ਅਨਾਮੀਕਾ ਦੋਵੇਂ ਆਪਣੇ ਸੰਨਿਆਸ ਲੈਣ ਦੇ ਫੈਸਲੇ ਉੱਤੇ ਡਟੇ ਰਹੇ। ਹੁਣ ਆਖਰ ਇਹ ਰਾਠੌੜ ਜੋੜਾ 23 ਸਤੰਬਰ ਨੂੰ ਦੀਕਸ਼ਾ ਲੈਣ ਜਾ ਰਿਹਾ ਹੈ। ਉਨ੍ਹਾਂ ਦੀ ਢਾਈ ਸਾਲਾਂ ਦੀ ਧੀ ਨੂੰ ਹੁਣ ਉਸ ਦੇ ਨਾਨਕੇ ਸੰਭਾਲਣਗੇ।