ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਲ ਇੰਡੀਆ ਕਾਂਗਰਸ ਕਮੇਟੀ ਤੋਂ ਪੰਜਾਬ ਦੇ ਇੰਚਾਰਜ ਆਸ਼ਾ ਕੁਮਾਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਬੈਠਕ ਕਰਕੇ ਅਗਾਮੀ ਗੁਰਦਾਸਪੁਰ ਉਪ ਚੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ। ਬੈਠਕ ਦੌਰਾਨ ਲੋਕ ਸਭਾ ਹਲਕੇ ਦੇ ਸਿਆਸੀ ਹਾਲਾਤ ਬਾਰੇ ਚਰਚਾ ਤੋਂ ਇਲਾਵਾ ਪਾਰਟੀ ਉਮੀਦਵਾਰ ਦੀ ਚੋਣ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ।


ਬੈਠਕ ਵਿਚ ਫੈਸਲਾ ਕੀਤਾ ਗਿਆ ਕਿ ਇਸੇ ਸਾਲ ਦੇ ਸ਼ੁਰੂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਤਰਜ਼ 'ਤੇ ਉਮੀਦਵਾਰ ਦੀ ਚੋਣ ਦਾ ਅਧਾਰ ਸਿਰਫ ਮੈਰਿਟ ਹੀ ਹੋਵੇਗਾ ਪਰ ਨਾਲ ਹੀ ਉਮੀਦਵਾਰੀ ਸਬੰਧੀ ਅੰਤਿਮ ਫੈਸਲਾ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਛੱਡ ਦਿੱਤਾ ਗਿਆ।

ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਬੈਠਕ ਦੌਰਾਨ ਤਿੰਨੇ ਆਗੂ ਇਸ ਗੱਲ 'ਤੇ ਸਹਿਮਤ ਸੀ ਕਿ ਕਿਸੇ ਮਕਬੂਲ ਤੇ ਸਾਫ ਅਕਸ ਵਾਲੇ ਆਗੂ ਨੂੰ ਹੀ ਗੁਰਦਾਸਪੁਰ ਸੀਟ ਤੋਂ ਉਮੀਦਵਾਰ ਬਣਾਇਆ ਜਾਵੇ। ਪਾਰਟੀ ਨੂੰ ਪੂਰਾ ਭਰੋਸਾ ਹੈ ਕਿ ਭਾਰਤੀ ਜਨਤਾ ਪਾਰਟੀ ਤੋਂ ਇਹ ਸੀਟ ਇਸ ਵਾਰ ਅਸਾਨੀ ਨਾਲ ਜਿੱਤੀ ਜਾ ਸਕੇਗੀ। ਗੁਰਦਾਸਪੁਰ ਲੋਕ ਸਭਾ ਸੀਟ ਇੱਥੇ ਭਾਜਪਾ ਦੇ ਸਾਂਸਦ ਵਿਨੋਦ ਖੰਨਾ ਦੀ ਅਪ੍ਰੈਲ ਵਿਚ ਹੋਈ ਬੇਵਕਤੀ ਮੌਤ ਨਾਲ ਖਾਲੀ ਹੋਈ ਸੀ।

ਕਾਂਗਰਸ ਪਾਰਟੀ ਗੁਰਦਾਸਪੁਰ ਉਪ ਚੋਣ ਵਿਚ ਵਿਕਾਸ ਦੇ ਏਂਜਡੇ ਤੇ ਚੋਣ ਲੜੇਗੀ। ਇਸ ਉਪ ਚੋਣ ਲਈ 15 ਸਤੰਬਰ ਨੂੰ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਇੱਥੇ 11 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ। ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਸਾਲ ਮਾਰਚ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਵਿਚ ਸ਼ੁਰੂ ਕੀਤੇ ਵਿਕਾਸ ਕਾਰਜਾਂ ਨੂੰ ਹੀ ਚੋਣ ਪ੍ਰਚਾਰ ਦਾ ਅਧਾਰ ਬਣਾਇਆ ਜਾਵੇਗਾ।