ਆਕਲੈਂਡ:ਪੰਜਾਬੀ ਨੌਜਵਾਨ ਸੰਦੀਪ ਸਿੰਘ ਗਿੱਲ ਪਿੰਡ ਡਾਂਗੀਆਂ ਨੇ ਬੀਤੇ ਦਿਨੀਂ ਇਕ ਅੌਰਤ ਦੀ ਜਾਨ ਬਚਾ ਲਈ ਜੋਕਿ ਆਤਮਹੱਤਿਆ ਕਰਨ ਜਾ ਰਹੀ ਸੀ। ਇਹ ਨੌਜਵਾਨ ਬੀਤੇ ਦਿਨੀਂ ਆਪਣੇ ਕੰਮ ਤੋਂ ਵਾਪਿਸ ਘਰ ਪਰਤ ਰਿਹਾ ਸੀ, ਸਮਾਂ ਰਾਤ 2.45 ਦੇ ਕਰੀਬ ਸੀ। ਈਸਟ ਟਮਾਕੀ ਮੋਟਰਵੇਅ ਬਿ੍ਰਜ ਉਤੋਂ ਜਦੋਂ ਇਹ ਨੌਜਵਾਨ ਆਪਣੀ ਕਾਰ ਵਿਚ ਲੰਘਿਆ ਤਾਂ ਇਕ ਅੌਰਤ ਪੁਲ਼ 'ਤੇ ਸ਼ਰਾਬ ਪੀ ਰਹੀ ਸੀ।


ਸ਼ਰਾਬਣ ਸਮਝ ਕੇ ਉਸ ਨੇ ਇਸ ਨੂੰ ਪਰ੍ਹੇ ਕਰ ਕੇ ਲੰਘਣ ਦਾ ਮਨ ਬਣਾਇਆ ਪਰ ਜਦੋਂ ਉਸ ਤੋਂ ਅੱਗੇ ਲੰਘਣ ਹੀ ਲੱਗਾ ਸੀ ਤਾਂ ਉਸ ਦੀ ਨਜ਼ਰ ਪੈ ਗਈ ਕਿ ਉਹ ਪੁੱਲ ਉਤੋਂ ਦੀ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਨੌਜਵਾਨ ਨੇ ਤੁਰੰਤ ਆਪਣੀ ਕਾਰ ਰੋਕ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਬੀਅਰ ਦੀ ਬੋਤਲ ਇਸ ਵੱਲ ਵਗਾਹ ਮਾਰਨ ਦੀ ਕੋਸ਼ਿਸ਼ ਕੀਤੀ ਜੋਕਿ ਉਸ ਦੇ ਹੱਥ ਵਿਚੋਂ ਛੁੱਟ ਗਈ। ਇਸ ਨੌਜਵਾਨ ਦਾ ਬਚਾਅ ਹੋ ਗਿਆ ਪਰ ਇਸ ਨੇ ਉਸ ਔਰਤ ਦੀ ਜਾਨ ਬਚਾਉਣ ਲਈ ਉਸ ਤਕ ਫਿਰ ਪਹੁੰਚ ਬਣਾਈ ਅਤੇ ਉਸ ਨੂੰ ਛਾਲ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।

ਉਸ ਔਰਤ ਨੇ ਇਸ ਨੌਜਵਾਨ ਨੂੰ ਹੀ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਲੰਘਣ ਵਾਲੀ ਕੋਈ ਵੀ ਕਾਰ ਨਾ ਰੁਕੀ। ਇਹ ਨੌਜਵਾਨ ਸੜਕ 'ਤੇ ਲੋਕਾਂ ਨੂੰ ਆਵਾਜ਼ਾਂ ਮਾਰਨ ਲੱਗਾ ਕਿ ਕੋਈ ਮਦਦ ਕਰੇ, ਐਨੇ ਨੂੰ ਇਕ ਕਾਰ ਰੁਕੀ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਤੋਂ ਬਾਅਦ ਦੋ ਕਾਰਾਂ ਹੋਰ ਰੁੱਕ ਗਈਆਂ ਤੇ ਮਦਦ ਵਾਸਤੇ ਲੋਕ ਆਏ। ਕੁਝ ਸਮੇਂ ਬਾਅਦ ਪੁਲਿਸ ਵੀ ਆ ਗਈ। ਸਾਰਾ ਕੁਝ ਜਦੋਂ ਉਸ ਔਰਤ ਨੂੰ ਸਮਝ ਪਿਆ ਤਾਂ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਇਸ ਮੁੰਡੇ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਜਿਸ ਤੋਂ ਬਾਅਦ ਸੰਦੀਪ ਦੀਆਂ ਅੱਖਾਂ ਵਿਚੋਂ ਵੀ ਹੰਝੂ ਟਪਕ ਤੁਰੇ।

ਇਹ ਔਰਤ ਕੁਝ ਘਰੇਲੂ ਕਾਰਨਾਂ ਕਰਕੇ ਪ੍ਰੇਸ਼ਾਨ ਚੱਲ ਰਹੀ ਸੀ ਅਤੇ ਆਪਣੀ ਸਵ. ਭੈਣ ਨੂੰ ਯਾਦ ਕਰ ਰਹੀ ਸੀ। ਪੁਲਿਸ ਨੇ ਸੰਦੀਪ ਸਿੰਘ ਗਿੱਲ ਦੇ ਸਾਹਸ ਦੀ ਕਦਰ ਕੀਤੀ ਹੈ ਅਤੇ ਇਕ ਪੰਜਾਬੀ ਪੁਲਿਸ ਅਫਸਰ ਰਹੇ ਨੌਜਵਾਨ ਨੇ ਵੀ ਪੁਲਿਸ ਨਾਲ ਇਸ ਘਟਨਾ ਸਬੰਧੀ ਰਾਬਤਾ ਬਣਾਇਆ ਹੈ ਤਾਂ ਕਿ ਇਸ ਤਰ੍ਹਾਂ ਦੇ ਮੌਕਿਆਂ 'ਤੇ ਕਿਸੇ ਦੀ ਜਾਨ ਬਚਾਉਣ ਵਾਲੇ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ।