ਬਗ਼ਦਾਦ: ਇਰਾਕ ਦੇ ਪ੍ਰਧਾਨ ਮੰਤਰੀ ਹੈਦਰ-ਅਲ-ਅੱਬਾਸੀ ਨੇ ਕਿਹਾ ਕਿ ਇਸਲਾਮਿਕ ਸਟੇਟ ਸੰਗਠਨ ਦੇ ਅੱਤਵਾਦੀਆਂ ਵੱਲੋਂ ਤਿੰਨ ਸਾਲ ਪਹਿਲਾਂ ਮੋਸੂਲ 'ਤੇ ਕੀਤੇ ਗਏ ਹਮਲੇ ਵਿੱਚ ਫਸੇ ਭਾਰਤੀ ਮਜ਼ਦੂਰਾਂ ਨਾਲ ਕੀ ਹੋਇਆ, ਇਸ ਦਾ ਹਾਲੇ ਤੱਕ ਪਤਾ ਨਹੀਂ। ਇਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਸਨ।


ਇੱਕ ਇੰਟਰਵਿਊ ਵਿੱਚ ਅੱਬਾਸੀ ਨੇ ਕਿਹਾ ਕਿ ਹਾਲੇ ਇਸ ਦੀ ਜਾਂਚ ਜਾਰੀ ਹੈ। ਇਸ ਲਈ ਉਹ ਕੁਝ ਨਹੀਂ ਕਹਿ ਸਕਦਾ ਕਿ ਉਨ੍ਹਾਂ ਭਾਰਤੀਆਂ ਨਾਲ ਕੀ ਹੋਇਆ। ਪਹਿਲਾਂ ਇਨ੍ਹਾਂ ਮਜ਼ਦੂਰਾਂ ਦੇ ਰਿਸ਼ਤੇਦਾਰਾਂ ਨੂੰ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਕਹੇ 'ਤੇ ਇਤਬਾਰ ਸੀ ਕਿ ਸਾਰੇ ਮਜ਼ਦੂਰ ਮੋਸੂਲ ਦੀ ਬਾਦੁਸ਼ ਜੇਲ੍ਹ ਵਿੱਚ ਬੰਦ ਹੋ ਸਕਦੇ ਹਨ। ਹੁਣ ਇਰਾਕੀ ਫ਼ੌਜ ਨੇ ਇਸ ਜੇਲ੍ਹ ਨੂੰ ਵੀ ISIS ਤੋਂ ਛੁਡਾ ਲਿਆ ਹੈ।

'ਏ.ਬੀ.ਪੀ. ਨਿਊਜ਼' ਨੇ ਕੁਰਦਿਸਤਾਨ ਦੇ ਇਰਬਲ ਵਿੱਚ ਦੋ ਬੰਗਲਾਦੇਸ਼ੀ ਨਾਗਰਿਕਾਂ ਦੇ ਹਵਾਲੇ ਤੋਂ ਅਗਵਾ ਕੀਤੇ ਭਾਰਤੀਆਂ ਬਾਰੇ ਸਨਖੀਖੇਜ ਖੁਲਾਸੇ ਕੀਤੇ ਸਨ। ਇਹ ਬੰਗਲਾਦੇਸ਼ੀ ਵੀ ਭਾਰਤੀਆਂ ਨਾਲ ਬੰਧਕ ਬਣਾਏ ਗਏ ਸਨ ਪਰ ਬਾਅਦ ਵਿੱਚ ਇਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਇਰਾਕ ਵਿੱਚ ਰਹਿ ਰਹੇ ਬੰਗਲਾਦੇਸ਼ੀਆਂ ਨੇ ਭਾਰਤੀ ਨਾਗਰਿਕ ਹਰਜੀਤ ਦੇ ਹਵਾਲੇ ਤੋਂ 39 ਭਾਰਤੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ ਪਰ ਸਰਕਾਰ ਸਾਰੇ ਭਾਰਤੀਆਂ ਦੇ ਜ਼ਿੰਦਾ ਹੋਣ ਜਾ ਮਾਰੇ ਜਾਣ ਦੀ ਖ਼ਬਰ ਤੋਂ ਇਨਕਾਰ ਕਰ ਚੁੱਕੀ ਹੈ।

ਇਰਾਕ ਦੇ ਮੋਸੂਲ ਤੋਂ ਤਕਰੀਬਨ 88 ਕਿਲੋਮੀਟਰ ਦੂਰ ਕੁਰਦਿਸਤਾਨ ਦੀ ਰਾਜਧਾਨੀ ਇਰਬਲ ਵਿੱਚ 'ਏ.ਬੀ.ਪੀ. ਨਿਊਜ਼' ਪਹੁੰਚਿਆ ਹੋਇਆ ਸੀ। ਇਹ ਉਹੀ ਮੋਸੂਲ ਹੈ ਜਿੱਥੇ ਕੱਟੜ ਅੱਤਵਾਦੀ ISIS ਨੇ ਆਪਣਾ ਕਬਜ਼ਾ ਜਮਾਇਆ ਹੋਇਆ ਸੀ। ਆਈ.ਐਸ. ਨੇ 11 ਜੂਨ ਨੂੰ ਇਨ੍ਹਾਂ 40 ਮਜ਼ਦੂਰਾਂ ਨੂੰ ਅਗਵਾ ਕਰ ਲਿਆ ਸੀ। 165 ਦਿਨ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਹੈ। ਪੰਜਾਬ ਤੋਂ 4 ਹਜ਼ਾਰ ਕਿਲੋਮੀਟਰ ਦੂਰ ਰੋਜ਼ੀ ਰੋਟੀ ਲਈ ਮੋਸੂਲ ਪਹੁੰਚੇ ਇਨ੍ਹਾਂ ਨੌਜਵਾਨਾਂ ਨੂੰ ਕੀ ਪਤਾ ਸੀ ਕਿ ਅੱਤਵਾਦੀਆਂ ਦੀ ਗ੍ਰਿਫਤ ਵਿੱਚ ਆ ਜਾਣਗੇ।