ਲਾਹੌਰ: ਪਾਕਿਸਤਾਨ ਵਿੱਚ ਆਪਣੇ ਦੋਸਤ ਨੂੰ ਵਟਸਐਪ 'ਤੇ ਇਸਲਾਮ ਬਾਰੇ ਅਪਮਾਣਜਨਕ ਸੰਦੇਸ਼ ਭੇਜਣ ਵਾਲੇ ਇਸਾਈ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਨਦੀਮ ਜੇਮਸ ਮਸੀਹ ਖਿਲਾਫ ਜੁਲਾਈ ਵਿੱਚ ਇਹ ਇਲਜ਼ਾਮ ਲੱਗੇ ਸੀ। ਉਸ ਤੋਂ ਪਹਿਲਾਂ ਉਸ ਦੇ ਦੋਸਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਮਸੀਹ ਨੇ ਵਟਸਐਪ 'ਤੇ ਇੱਕ ਕਵਿਤਾ ਭੇਜੀ ਸੀ ਜੋ ਇਸਲਾਮ ਦਾ ਅਪਮਾਣ ਕਰਦੀ ਸੀ।


ਇਸ ਘਟਨਾ ਤੋਂ ਬਾਅਦ ਮਸੀਹ ਪੰਜਾਬ ਸੂਬੇ ਦੇ ਸਾਰਾ-ਏ-ਆਲਮਗੀਰ ਕਸਬੇ ਵਿੱਚ ਗੁੱਸਾਈ ਭੀੜ ਤੋਂ ਬਚਣ ਲਈ ਆਪਣੇ ਘਰ ਤੋਂ ਭੱਜ ਗਿਆ ਸੀ। ਉਸ ਨੇ ਬਾਅਦ ਵਿੱਚ ਪੁਲਿਸ ਸਾਹਮਣੇ ਸਰੰਡਰ ਕਰ ਦਿੱਤਾ ਸੀ। ਉਸ ਦੀ ਸੁਣਵਾਈ ਸੁਰੱਖਿਆ ਕਾਰਨਾਂ ਕਰਕੇ ਜੇਲ੍ਹ ਵਿੱਚ ਹੀ ਇੱਕ ਸਾਲ ਤੋਂ ਵੱਧ ਤੱਕ ਚੱਲੀ। ਇਹ ਜੇਲ੍ਹ ਲਾਹੌਰ ਤੋਂ ਕਰੀਬ 200 ਕਿਲੋਮੀਟਰ ਦੂਰ ਹੈ।

ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਸ ਉੱਤੇ 300,000 ਰੁਪਏ ਮਹੀਨੇ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ। ਮਸੀਹ ਦੇ ਵਕੀਲ ਅੰਜੁਮ ਨੇ ਕਿਹਾ ਕਿ ਉਸ ਦਾ ਮੁਵੱਕਿਲ ਬੇਗੁਨਾਹ ਹੈ। ਉਨ੍ਹਾਂ ਕਿਹਾ ਕਿ ਮੇਰਾ ਮੁਵੱਕਿਲ ਲਾਹੌਰ ਹਾਈਕੋਰਟ ਵਿੱਚ ਅਪੀਲ ਕਰੇਗਾ ਕਿਉਂਕਿ ਮੁਸਲਿਮ ਲੜਕੀ ਨਾਲ ਪ੍ਰੇਮ ਪ੍ਰਸੰਗ ਦੇ ਚਲਦਿਆਂ ਉਸ ਨੂੰ ਫਸਾਇਆ ਗਿਆ ਹੈ। ਅੰਜੁਮ ਅਨੁਸਾਰ ਸੁਰੱਖਿਆ ਕਾਰਨਾਂ ਕਰਕੇ ਸੁਣਵਾਈ ਜੇਲ੍ਹ ਅੰਦਰ ਹੀ ਕੀਤੀ ਗਈ।