ਕੋਲਮ: ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ ਤੇ ਨਾ ਹੀ ਕੋਈ ਸੀਮਾ ਹੁੰਦੀ ਹੈ। ਕੇਰਲ ਦੀ ਕੋਲਮ ਇਲਾਕੇ ਦੀ ਰਹਿਣ ਵਾਲੀ ਇਸ 105 ਸਾਲਾ ਬਜ਼ੁਰਗ ਔਰਤ ਨੇ ਇਸ ਨੂੰ ਸੱਚ ਸਾਬਤ ਕੀਤਾ ਹੈ। ਉਨ੍ਹਾਂ ਦੇ ਇਸ ਕਮਾਲ ਤੋਂ ਦੁਨੀਆ ਹੈਰਾਨ ਹੈ। ਨੌਜਵਾਨ ਉਨ੍ਹਾਂ ਨੂੰ ਇੱਕ ਮਿਸਾਲ ਵਜੋਂ ਲੈ ਰਹੇ ਹਨ।

ਦਰਅਸਲ, 105 ਸਾਲਾ ਭਾਗੀਰਥੀ ਅੰਮਾ, ਕੇਰਲ ਰਾਜ ਦੀ ਸਭ ਤੋਂ ਪੁਰਾਣੀ ਵਿਦਿਆਰਥੀ ਬਣ ਗਈ ਹੈ। ਉਹ 74.5 ਪ੍ਰਤੀਸ਼ਤ ਨੰਬਰ ਲੈ ਕੇ ਚੌਥੀ ਜਮਾਤ ਦੀ ਪ੍ਰੀਖਿਆ ਵਿੱਚ ਸਫਲ ਹੋਈ ਹੈ। ਆਪਣੀ ਸਫਲਤਾ ਦੀ ਖ਼ਬਰ ਮਿਲਣ ਤੇ ਅੰਮਾ ਕਹਿੰਦੀ ਹੈ, “ਮੈਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਕਿ ਮੈਂ ਆਪਣੀ ਪ੍ਰੀਖਿਆ ਪਾਸ ਕੀਤੀ ਹੈ। ਮੈਂ ਅਗਲੀ ਪ੍ਰੀਖਿਆ ਦੇਣ ਦੀ ਵੀ ਕੋਸ਼ਿਸ਼ ਕਰਾਂਗੀ ਜੇ ਮੇਰੀ ਸਿਹਤ ਚੰਗੀ ਰਹੀ।”

ਅੰਮਾ ਪ੍ਰਖਿਆ ਕੇਂਦਰ ਜਾ ਕਿ ਪ੍ਰਖਿਆ ਦੇਣ 'ਚ ਅਸਮਰੱਥ ਸੀ। ਇਸ ਲਈ ਉਸ ਨੇ ਨਵੰਬਰ 2019 ਵਿੱਚ ਇੱਕ ਪੰਚਾਇਤ ਮੈਂਬਰ ਦੀ ਨਿਗਰਾਨੀ ਵਿੱਚ ਆਪਣੇ ਘਰ ਵਿੱਚ ਪ੍ਰੀਖਿਆ ਦਿੱਤੀ। ਉਸ ਦੀ ਸਫਲਤਾ 'ਤੇ ਪੰਚਾਇਤ ਪ੍ਰਧਾਨ ਚੰਦਰਸ਼ੇਖਰ ਪਿਲਾਈ ਨੇ ਘਰ ਜਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਪ੍ਰੀਖਿਆ ਵਿੱਚ ਸਫਲ ਹੋਣ ਤੋਂ ਬਾਅਦ, ਭਾਗੀਰਥੀ ਨੂੰ ਕੇਰਲ ਰਾਜ ਸਾਖਰਤਾ ਮਿਸ਼ਨ (ਕੇਐਸਐਲਐਮ) ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਕੇਐਸਐਲਐਮ ਦੀ ਬ੍ਰਾਂਡ ਅੰਬੈਸਡਰ ਬਣਨ ਨਾਲ, ਹੋਰ ਔਰਤਾਂ ਨੂੰ ਆਪਣੀ ਅਧੂਰੀ ਪੜ੍ਹਾਈ ਮੁੜ ਸ਼ੁਰੂ ਕਰਨ ਲਈ ਹੌਂਸਲਾ ਮਿਲੇਗਾ।