ਬੱਸ 'ਚ ਮੁਰਗੀਆਂ ਚੜ੍ਹਾ ਪਾਇਆ ਪੁਆੜਾ
ਏਬੀਪੀ ਸਾਂਝਾ | 03 Jul 2018 05:58 PM (IST)
ਨਵੀਂ ਦਿੱਲੀ: ਕਰਨਾਟਕ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਕਿਸਾਨ ਕੋਲੋਂ ਕੇਐਸਆਰਟੀਸੀ ਦੇ ਬੱਸ ਕੰਡਕਟਰ ਨੇ ਉਸ ਕੋਲੋਂ ਦੋ ਮੁਰਗੀਆਂ ਦੀ ਵੀ ਅੱਧੀ-ਅੱਧੀ ਟਿਕਟ ਕਟਵਾਉਣ ਲਈ ਕਿਹਾ। ਕਿਸਾਨ ਚਿੱਕਾਬੱਲਾਪੁਰਾ ਜ਼ਿਲ੍ਹੇ ਵਿੱਚ ਗੌਰੀਬਿਦਨੂਰ ਤੋਂ ਪੇਦਨਾਹੱਲੀ ਜਾ ਰਿਹਾ ਸੀ। ਪੇਦਨਾਹੱਲੀ ਰਹਿਣ ਵਾਲੇ ਕਿਸਾਨ ਸ੍ਰੀਨਿਵਾਸ ਨੇ ਦੱਸਿਆ ਕਿ ਉਸ ਨੇ ਗੌਰੀਬਿਦਨੌਰ ਤੋਂ 150-150 ਰੁਪਏ ਦੀਆਂ ਦੋ ਮੁਰਗੀਆਂ ਖ਼ਰੀਦੀਆਂ ਸੀ, ਜਿਨ੍ਹਾਂ ਨੂੰ ਲੈ ਕੇ ਉਹ ਬੱਸ ਰਾਹੀਂ ਆਪਣੇ ਘਰ ਜਾ ਰਿਹਾ ਸੀ। ਬੱਸ ਦਾ ਕਿਰਾਇਆ 24 ਰੁਪਏ ਸੀ। ਉਸ ਨੇ ਬੱਸ ਕੰਡਕਟਰ ਨੂੰ 50 ਰੁਪਏ ਦਿੱਤੇ ਪਰ ਕੰਡਕਟਰ ਨੇ ਉਸ ਨੂੰ 2 ਰੁਪਏ ਵਾਪਿਸ ਮੋੜੇ। ਪੁੱਛਣ ’ਤੇ ਪਤਾ ਲੱਗਾ ਕਿ ਕੰਡਕਟਰ ਨੇ ਦੋ ਮੁਰਗੀਆਂ ਦੀ ਨੀ ਅੱਧੀ-ਅੱਧੀ ਟਿਕਟ ਕੱਟ ਲਈ ਸੀ। ਕੰਡਕਟਰ ਨੇ ਕਿਸਾਨ ਨੂੰ ਦਿੱਤੀ ਟਿਕਟ ਪਿੱਛੇ ਲਿਖ ਦਿੱਤਾ ਕਿ ਉਸ ਨੇ ਦੋ ਮੁਰਗੀਆਂ ਦੀ ਵੀ ਅੱਧੀ-ਅੱਧੀ ਟਿਕਟ ਕੱਟੀ ਹੈ। ਦਰਅਸਲ ਅੱਧੀ ਟਿਕਟ 6 ਤੋਂ 12 ਸਾਲਾਂ ਦੇ ਬੱਚਿਆਂ ਦੀ ਕੱਟੀ ਜਾਂਦੀ ਹੈ ਜਿਨ੍ਹਾਂ ਦਾ ਵਜ਼ਨ 23 ਤੋਂ 30 ਕਿੱਲੋ ਦੇ ਵਿੱਚ-ਵਿੱਚ ਹੁੰਦਾ ਹੈ ਤੇ ਜੋ ਸੀਟ ਲੈਂਦੇ ਹਨ। ਸ੍ਰੀਨਿਵਾਸ ਨੇ ਕੰਡਕਟਰ ਨੂੰ ਪੁੱਛਿਆ ਕਿ ਉਸ ਕੋਲ ਤਾਂ ਕੋਈ ਬੱਚਾ ਵੀ ਨਹੀਂ ਹੈ ਤੇ ਫਿਰ ਕੰਡਕਟਰ ਨੇ ਉਸ ਕੋਲੋਂ 2 ਅੱਧੀਆਂ ਟਿਕਟਾਂ ਦੇ ਪੈਸੇ ਕਿਉਂ ਲਏ? ਇਸ ਦੇ ਜਵਾਬ ਵਿੱਤ ਕੰਡਕਟਰ ਨੇ ਦੋ ਮੁਰਗੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਸ ਨੇ ਦੋ ਮੁਰਗੀਆਂ ਲਈ ਟਿਕਟਾਂ ਕੱਟੀਆਂ ਹਨ। ਇਸ ਦੇ ਨਾਲ ਹੀ ਕੰਡਕਟਰ ਨੇ ਕਿਸਾਨ ਨੂੰ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ। ਇਸ ਦੇ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ। ਇਹ ਝਗੜਾ ਉਸ ਸਮੇਂ ਖ਼ਤਮ ਹੋਇਆ ਜਦੋਂ ਸ੍ਰੀਨਿਵਾਸ ਦਾ ਬੱਸ ਸਟਾਪ ਆ ਗਿਆ ਤੇ ਉਹ ਬੱਸ ਵਿੱਚੋਂ ਉਤਰ ਗਿਆ।