ਵਾਸ਼ਿੰਗਟਨ: ਭਾਰਤੀਆਂ ਲਈ ਇਕ ਵੱਡੀ ਰਾਹਤ ਦੀ ਖ਼ਬਰ ਹੈ। ਦਰਅਸਲ H-4 ਵੀਜ਼ਾ ਤਹਿਤ ਮਿਲਣ ਵਾਲੇ ਕੰਮ ਦੇ ਅਧਿਕਾਰ ਨੂੰ ਸਮਾਪਤ ਕਰਨ ਲਈ ਟਰੰਪ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਆਦ ਖ਼ਤਮ ਹੋ ਗਈ ਹੈ। ਜ਼ਿਕਰਯੋਗ ਹੈ ਕਿ H-4 ਵੀਜ਼ਾ ਅਮਰੀਕਾ 'ਚ ਕੰਮ ਕਰ ਰਹੇ ਲੋਕਾਂ ਦੇ ਪਤੀ ਜਾਂ ਪਤਨੀ ਯਾਨੀ ਸਪਾਊਸ ਨੂੰ ਮਿਲਦਾ ਹੈ।


ਅਮਰੀਕਾ ਦੀ ਹੋਮਲੈਂਡ ਸਿਕਿਓਰਟੀ ਨੇ ਕੋਰਟ ਨੂੰ ਮਾਰਚ 'ਚ ਦੱਸਿਆ ਸੀ ਕਿ ਇਸ ਨਾਲ ਸੰਬੰਧਤ ਨਿਯਮ ਨਾਲ ਜੁੜਿਆ ਇਕ ਨੋਟੀਫਿਕੇਸ਼ਨ ਜੂਨ ਮਹੀਨੇ 'ਚ ਜਾਰੀ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਜੇਕਰ ਇਹ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਤਾਂ H-1B ਵੀਜ਼ਾ ਦੇ ਤਹਿਤ ਅਮਰੀਕਾ 'ਚ ਕੰਮ ਕਰ ਰਹੇ ਲੋਕਾਂ ਦੇ ਸਪਾਊਜ਼ ਨੂੰ ਮਿਲਣ ਵਾਲੇ H-4 ਵੀਜ਼ਾ ਦੀ ਸਮਾਪਤੀ ਦਾ ਸਫਰ ਸ਼ੁਰੂ ਹੋ ਜਾਂਦਾ। H-4 ਵੀਜ਼ਾ ਦੀ ਸ਼ੁਰੂਆਤ ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਦੇ ਕਾਰਜਕਾਲ ਵੇਲੇ ਹੋਈ ਸੀ।


ਹਾਲਾਂਕਿ, ਇਹ ਨੋਟੀਫਿਕੋਸ਼ਨ ਕਦੋਂ ਜਾਰੀ ਕੀਤਾ ਜਾਵੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਟਰੰਪ ਪ੍ਰਸ਼ਾਸਨ ਦਾ ਸਟੈਂਡ ਇਹੀ ਹੈ ਕਿ ਉਹ ਇਸ ਵੀਜ਼ੇ ਨੂੰ ਹਰ ਹਾਲ 'ਚ ਖ਼ਤਮ ਕਰਕੇ ਰਹੇਗਾ। ਜੇਕਰ ਟਰੰਪ ਪ੍ਰਸ਼ਾਸਨ ਇਹ ਫੈਸਲਾ ਲੈਂਦਾ ਹੈ ਤਾਂ ਕਰੀਬ ਇਕ ਲੱਖ ਤੋਂ ਜ਼ਿਆਦਾ ਸ਼ਾਦੀ-ਸ਼ੁਦਾ ਮਹਿਲਾਵਾਂ ਪ੍ਰਭਾਵਿਤ ਹੋਣਗੀਆਂ। ਜ਼ਿਕਰਯੋਗ ਹੈ ਕਿ ਟਰੰਪ ਨੇ ਜਦੋਂ ਤੋਂ ਕਮਾਨ ਸੰਭਾਲੀ ਹੈ ਉਸ ਵੇਲੇ ਤੋਂ ਹੀ ਉਹ ਲਗਾਤਾਰ ਇਸ ਕੋਸ਼ਿਸ਼ 'ਚ ਹਨ ਕਿ H-1B ਵੀਜ਼ੇ ਦੇ ਨਿਯਮਾਂ ਨੂੰ ਹੋਰ ਕਠੋਰ ਕੀਤਾ ਜਾ ਸਕੇ।