ਕੁਆਲਾਲੰਪੁਰ: ਸ਼ਹਿਰਾਂ ਵਿੱਚ ਕਈ ਥਾਈਂ ਸਾਲਾਂ ਤੋਂ ਖੜ੍ਹੀਆਂ ਮੋਟਰ ਗੱਡੀਆਂ ਅਸੀਂ ਦੇਖਦੇ ਹਾਂ। ਉਹ ਪਈਆਂ ਸੜ ਜਾਂਦੀਆਂ ਹਨ ਤੇ ਮਗਰੋਂ ਕਬਾੜ ਦੇ ਭਾਅ ਵਿਕਦੀਆਂ ਹਨ। ਕੁਆਲਾਲੰਪੁਰ ਕੌਮਾਂਤਰੀ ਹਵਾਈ ਅੱਡਾ ਪਰੇਸ਼ਾਨ ਹੈ ਕਿ ਉਸ ਦੇ ਕੋਲ ਤਿੰਨ ਜਹਾਜ਼ ਸਾਲਾਂ ਤੋਂ ਖੜੇ ਹਨ ਅਤੇ ਇਨ੍ਹਾਂ ਦਾ ਮਾਲਕ ਕੌਣ ਹੈ, ਇਹ ਵੀ ਪਤਾ ਨਹੀਂ ਲੱਗ ਰਿਹਾ। ਉਸ ਨੇ ਇਸ਼ਤਿਹਾਰ ਕੱਢ ਕੇ ਕਿਹਾ ਕਿ ਇਸ ‘ਤੇ ਕਿਸੇ ਨੇ ਦਾਅਵਾ ਨਹੀਂ ਕੀਤਾ ਤਾਂ 15 ਦਿਨਾਂ ਪਿੱਛੋਂ ਇਨ੍ਹਾਂ ਨੂੰ ਕਬਾੜ ਵਿੱਚ ਨਿਲਾਮ ਕਰ ਦਿੱਤਾ ਜਾਵੇਗਾ।
ਲੱਗਦਾ ਹੈ ਕਿ ਮਲੇਸ਼ੀਆ ਵਿੱਚ ਇਹ ਨਵੀਂ ਗੱਲ ਨਹੀਂ ਹੈ। ਬੀਤੇ 10 ਸਾਲ ਦੌਰਾਨ ਇਥੇ ਅਜਿਹਾ ਕਈ ਵਾਰ ਹੋਇਆ ਅਤੇ ਨਿਲਾਮੀ ਕੀਤੀ ਗਈ ਹੈ। ਅਜਿਹੇ ਇੱਕ ਜਹਾਜ਼ ਨੂੰ ਇੱਕ ਬੰਦੇ ਨੇ ਖਰੀਦ ਕੇ ਉਸ ਵਿੱਚ ਰੈਸਟੋਰੈਂਟ ਖੋਲ੍ਹ ਲਿਆ ਹੈ। ਲੋਕ ਉਥੇ ਲੰਚ ਡਿਨਰ ਕਰਦੇ ਹਨ। ਆਖਰ ਪਲੇਨ ਵਿੱਚ ਖਾਣ ਪੀਣ ਦਾ ਮਜ਼ਾ ਹੀ ਦੂਜਾ ਹੈ। ਹਵਾਈ ਅੱਡੇ ‘ਤੇ ਖੜੇ ਤਿੰਨ ਵਿੱਚੋਂ ਦੋ ਯਾਤਰੀ ਜਹਾਜ਼ ਹਨ ਤੇ ਇੱਕ ਕਾਰਗੋ ਹੈ।
ਪਹਿਲਾਂ ਇਹ ਜਹਾਜ਼ ਏਅਰ ਐਟਲਾਂਟਾ ਆਈਸਲੈਂਡਿਕ ਕੋਲ ਸਨ, ਪਰ ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਇਨ੍ਹਾਂ ਨੂੰ 2008 ਵਿੱਚ ਵੇਚ ਦਿੱਤਾ। ਹਵਾਈ ਅੱਡੇ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜੋ ਦਸਤਾਵੇਜ਼ ਹਨ, ਉਨ੍ਹਾਂ ਸਹਾਰੇ ਉਨ੍ਹਾਂ ਨੇ ਇਨ੍ਹਾਂ ਦੇ ਮਾਲਕ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ, ਪਰ ਉਥੋਂ ਕੋਈ ਜਵਾਬ ਨਹੀਂ ਆਇਆ। ਕਿਉਂਕਿ ਲੈਂਡਿੰਗ, ਪਾਰਕਿੰਗ ਅਤੇ ਹੋਰ ਟੈਕਸਾਂ ਦਾ ਭੁਗਤਾਨ ਨਹੀਂ ਹੋ ਰਿਹਾ ਹੈ, ਇਸ ਲਈ ਉਨ੍ਹਾਂ ਨੂੰ ਇਹ ਇਸ਼ਤਿਹਾਰ ਜਾਰੀ ਕਰਨਾ ਪਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin