ਵਿਸ਼ਵ 'ਚ ਰੋਜ਼ ਅਜੀਬੋ ਗ਼ਰੀਬ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਪਰ ਹਾਲ ਹੀ ਵਿੱਚ ਬੇਹੱਦ ਹੈਰਾਨੀਜਨਕ ਖ਼ਬਰ ਆਈ ਹੈ, ਜੋ ਲਾਟਰੀ ਜੇਤੂ ਨਾਲ ਸਬੰਧਤ ਹੈ। ਬਹੁਤ ਘੱਟ ਲੋਕ ਕਿਸਮਤ ਵਾਲੇ ਹੁੰਦੇ ਹਨ ਜੋ ਲਾਟਰੀ ਆਦਿ ਜਿੱਤਦੇ ਹਨ, ਪਰ ਇੱਕ ਵਿਅਕਤੀ ਲਈ ਲਾਟਰੀ ਹੀ ਮੁਸੀਬਤ ਬਣ ਗਈ। ਉਸ ਨੂੰ ਕਰੋੜਾਂ ਦੀ ਲਾਟਰੀ ਮਿਲ ਤਾਂ ਗਈ ਪਰ ਆਪਣੇ ਰਿਸ਼ਤੇਦਾਰਾਂ ਤੋਂ ਉਹ ਕਾਫੀ ਡਰਦਾ ਸੀ ਤੇ ਇਸ ਲਈ ਆਪਣੀ ਪਛਾਣ ਵੀ ਗੁਪਤ ਰੱਖੀ।
ਵਿਅਕਤੀ ਜਿਸ ਨੇ ਆਪਣਾ ਉਪਨਾਮ ਕੈਂਪਬੈਲ ਹੀ ਨਸ਼ਰ ਕੀਤਾ, ਦੱਸਿਆ ਕਿ ਉਸ ਨੂੰ 1.1 ਮਿਲੀਅਨ ਡਾਲਰ ਯਾਨੀ 7,76,21,500 ਰੁਪਏ ਦੀ ਵੱਡੀ ਲਾਟਰੀ ਨਿੱਕਲੀ। ਪਰ ਉਸ ਨੂੰ ਡਰ ਹੈ ਕਿ ਇਸ ਰਕਮ 'ਤੇ ਲੋਕਾਂ ਦੀਆਂ ਨਿਗਾਹਾਂ ਟਿਕ ਜਾਣਗੀਆਂ ਤੇ ਉਸ ਨਾਲ ਧੋਖਾ ਹੋਵੇਗਾ। ਇਸ ਲਈ ਆਪਣੇ ਆਪ ਨੂੰ ਲੁਕਿਆ ਰੱਖਣ ਲਈ ਉਹ ਇਨਾਮ ਹਾਸਲ ਸਮੇਂ ਭੂਤ ਵਾਲਾ ਮਾਸਕ ਪਹਿਨ ਕੇ ਆਇਆ।
ਕੈਂਪਬੈਲ ਨੇ ਦੱਸਿਆ ਕਿ ਉਸ ਨੂੰ ਕਿਸੇ ਤੋਂ ਪੈਸੇ ਮੰਗਣਾ ਚੰਗਾ ਨਹੀਂ ਲੱਗਦਾ ਇਸ ਲਈ ਉਹ ਆਪਣੇ ਲਈ ਇਸ ਪੈਸੇ ਦੀ ਸੁਚੱਜੀ ਵਰਤੋਂ ਕਰੇਗਾ। ਉਸ ਨੇ ਦੱਸਿਆ ਕਿ ਉਹ ਆਪਣੇ ਲਈ ਘਰ ਖਰੀਦੇਗਾ ਤੇ ਆਪਣਾ ਕਾਰੋਬਾਰ ਸਥਾਪਤ ਕਰੇਗਾ। ਲਾਟਰੀ ਜੇਤੂ ਵੱਲੋਂ ਪਛਾਣ ਲੁਕਾਏ ਜਾਣ ਦਾ ਇਹ ਕੋਈ ਪਹਿਲਾ ਮਸਲਾ ਨਹੀਂ ਹੈ, ਪਿਛਲੇ ਸਾਲ ਵੀ ਲਾਟਰੀ ਜੇਤੂ ਨੇ ਆਪਣੀ ਪਛਾਣ ਗੁਪਤ ਰੱਖਣ ਲਈ ਇਮੋਜੀ ਵਾਲੇ ਮਾਸਕ ਨਾਲ ਆਪਣਾ ਚਿਹਰਾ ਢਕ ਲਿਆ ਸੀ ਤਾਂ ਜੋ ਕਿਸੇ ਨੂੰ ਉਸ ਦੀ ਪਛਾਣ ਨਾ ਪਤਾ ਲੱਗ ਸਕੇ।