ਮਲੇਸ਼ੀਆ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅੱਲ੍ਹੜ ਉਮਰ ਦੀ ਮੁਟਿਆਰ ਨੇ ਖ਼ੁਦਕੁਸ਼ੀ ਕਰ ਲਈ। 16 ਸਾਲ ਦੀ ਕੁੜੀ ਨੇ ਇੰਸਟਾਗ੍ਰਾਮ 'ਤੇ ਪੋਲ ਕਰਵਾਈ ਤੇ ਲਿਖਿਆ ਕਿ ਮਰਾਂ ਜਾਂ ਨਾਂਹ।
ਕੁੜੀ ਦੀ ਪੋਸਟ 'ਤੇ 69% ਲੋਕਾਂ ਨੇ ਮੌਤ 'ਤੇ ਕਲਿੱਕ ਕੀਤਾ, ਜਿਸ ਮਗਰੋਂ ਕੁੜੀ ਨੇ ਇਮਾਰਤ ਦੀ 13ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ। 'ਦ ਗਾਰਡੀਅਨ' ਦੀ ਖ਼ਬਰ ਮੁਤਾਬਕ ਮਲੇਸ਼ੀਆ ਪੁਲਿਸ ਨੇ ਖ਼ੁਦਕੁਸ਼ੀ ਕਰਨ ਵਾਲੀ ਕੁੜੀ ਦਾ ਨਾਂ ਗੁਪਤ ਰੱਖਦਿਆਂ ਇਸ ਘਟਨਾ ਬਾਰੇ ਦੱਸਿਆ। ਸਥਾਨਕ ਪੁਲਿਸ ਜਾਂਚ ਕਰ ਰਹੀ ਹੈ ਕਿ ਕੁੜੀ ਨੇ ਕਿਹੜੇ ਹਾਲਾਤ ਵਿੱਚ ਖ਼ੁਦਕੁਸ਼ੀ ਕੀਤੀ। ਮਲੇਸ਼ੀਆ ਦੇ ਨੌਜਵਾਨ ਤੇ ਖੇਡ ਮੰਤਰੀ ਸਈਅਦ ਸਾਦਿਕ ਸਈਦ ਅਬਦੁਲ ਰਹਿਮਾਨ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਇੱਕ ਨੌਜਵਾਨ ਇਸ ਤਰ੍ਹਾਂ ਜ਼ਿੰਦਗੀ ਤੋਂ ਚਲਿਆ ਗਿਆ। ਮੰਤਰੀ ਨੇ ਦੇਸ਼ ਵਿੱਚ ਵਧਦੀ ਖ਼ੁਦਕੁਸ਼ੀ ਦਰ ਸਬੰਧੀ ਵੀ ਬੈਠਕ ਸੱਦੀ ਹੈ।