ਲਖਨਊ: ਸ਼ੁੱਕਰਵਾਰ ਸ਼ਾਮ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਇੱਕ ਥਾਂ ਮੀਟਿੰਗ ਕੀਤੀ ਜਾ ਰਹੀ ਸੀ ਅਤੇ ਇਸੇ ਦੌਰਾਨ ਇੱਕ ਵਿਅਕਤੀ ਕੁਝ ਅਜਿਹਾ ਕੀਤਾ ਕਿ ਉੱਥੇ ਆਵਾਜਾਈ ਠੱਪ ਹੋ ਗਈ। ਅਨੈਕਸੀ ਦੇ ਬਾਹਰ ਹਰੀ ਪੱਗ ਬੰਨ੍ਹੀਂ ਇੱਕ 50 ਸਾਲਾ ਵਿਅਕਤੀ ਨੇ ਸੜਕ ਦੇ ਵਿਚਕਾਰ ਸਫ਼ੈਦ ਲਾਈਨ ’ਤੇ ਮੁਸੱਲਾ (ਨਮਾਜ਼ ਪੜ੍ਹਨ ਲਈ ਵਰਤਿਆ ਜਾਣ ਵਾਲਾ ਕੱਪੜਾ) ਵਿਛਾ ਲਿਆ ਤੇ ਨਮਾਜ਼ ਪੜ੍ਹਨ ਵਰਗੀ ਕਿਰਿਆ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਕੁਝ ਹੀ ਪਲਾਂ ਵਿੱਚ ਉੱਥੇ ਜਾਮ ਵਰਗੀ ਸਥਿਤੀ ਬਣ ਗਈ। ਟ੍ਰੈਫਿਕ ਪੁਲਿਸ ਤੇ ਹੋਮ ਗਾਰਡ ਤਮਾਸ਼ਾ  ਵੇਖਦੇ ਰਹੇ। ਕਰੀਬ ਇੱਕ ਮਿੰਟ ਬਾਅਦ ਉਸਨੇ ਮੁਸੱਲਾ ਚੁੱਕਿਆ ਤੇ ਸੜਕ ਕਿਨਾਰੇ ਪਾਰਕ ਕੀਤੀ ਐਕਟਿਵਾ ’ਤੇ ਬੈਠ ਕੇ ਚਲਾ ਗਿਆ। ਸੀਓ ਹਜਰਤਗੰਜ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤ ਪੁੱਜੀ ਪਰ ਉਸ ਸਮੇਂ ਉਹ ਫਰਾਰ ਹੋ ਗਿਆ ਸੀ। ਫਿਲਹਾਲ ਉਸਦੀ ਤਲਾਸ਼ ਜਾਰੀ ਹੈ। ਅਨੈਕਸੀ ਵਿੱਚ ਸੀਐਮ ਯੋਗੀ ਅਦਿੱਤਿਆਨਾਥ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਸਨ। ਘਟਨਾ ਸਥਾਨ ’ਤੇ ਡਿਊਟੀ ਦੇ ਰਹੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਇਸ ਬਾਰੇ ਕੁਝ ਸਮਝ ਨਹੀਂ ਆਈ ਕਿ ਉਸਨੇ ਸੜਕ ’ਤੇ ਸਜਦਾ ਕੀਤਾ। ਪਰ ਕੁਝ ਲੋਕਾਂ ਨੇ ਦੱਸਿਆ ਕਿ ਉਸ ਵਿਅਕਤੀ ਨੇ ਨਾਅਰੇਬਾਜ਼ੀ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਵੀ ਇਸੇ ਵਿਅਕਤੀ ਨੇ ਐਸ਼ਬਾਗ ਸਥਿਤ ਈਦਗਾਹ ਕੋਲ ਵਾਹਨਾਂ ਵਿਚਾਲੇ ਇਸੇ ਤਰ੍ਹਾਂ ਦੀ ਹਰਕਤ ਕੀਤੀ ਸੀ। ਹਾਲਾਂਕਿ, ਸ਼ਨੀਵਾਰ ਨੂੰ ਖ਼ਬਰ ਏਜੰਸੀ ਏਐਨਆਈ ਦੇ ਮਾਧਿਅਮ ਰਾਹੀਂ ਉਕਤ ਵਿਅਕਤੀ ਨੇ ਸੀਐਮ ਯੋਗੀ ਆਦਿੱਤਿਆਨਾਥ ਤੋਂ ਮੁਆਫ਼ੀ ਵੀ ਮੰਗ ਲਈ।