ਲੰਡਨ: ਇੰਗਲੈਂਡ ਦੇ ਰੈਸਟੋਰੈਂਟ ਨੇ ਗਾਹਕ ਨੂੰ ਭੁਲੇਖੇ ਨਾਲ ਆਪਣੀ ਮਹਿੰਗੀ ਸ਼ਰਾਬ ਦੇ ਦਿੱਤੀ, ਪਰ ਇਸ ਦੇ ਬਾਵਜੂਦ ਉਨ੍ਹਾਂ ਗਾਹਕ ਤੋਂ ਵਾਧੂ ਪੈਸੇ ਨਹੀਂ ਲਏ ਤੇ ਗਾਹਕ ਨੂੰ ਮਹਿੰਗੀ ਸ਼ਰਾਬ ਦਾ ਅਨੰਦ ਮਾਣਨ ਦਿੱਤਾ ਗਿਆ। ਰੈਸਟੋਰੈਂਟ ਨੇ ਆਪਣੀ ਗ਼ਲਤੀ ਤੇ ਨੁਕਸਾਨ ਸਬੰਧੀ ਪੋਸਟ ਸਾਂਝੀ ਕੀਤੀ ਜੋ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ।


ਮਨਚੈਸਟਰ ਦੇ ਹਾਵਕਸਮੂਰ ਰੇਸਤਰਾਂ ਵਿੱਚ ਬੀਤੇ ਦਿਨੀਂ ਇੱਕ ਗਾਹਕ ਆਇਆ। ਉਸ ਨੇ £260 ਰੁਪਏ ਦੀ ਕੀਮਤ ਵਾਲੀ ਵਾਈਨ ਆਰਡਰ ਕਰ ਦਿੱਤੀ, ਜਿਸ ਦੀ ਭਾਰਤੀ ਮੁਦਰਾ ਵਿੱਚ ਕੀਮਤ 23,000 ਰੁਪਏ ਸੀ। ਬਾਰ ਨੇ ਭੁਲੇਖੇ ਨਾਲ ਆਪਣੇ ਗਾਹਕ ਨੂੰ ਸਾਲ 2001 ਦੀ Chateau le Pin Pomerol ਨਾਂ ਦੀ ਵਾਈਨ ਭੇਜ ਦਿੱਤੀ, ਜਿਸ ਦੀ ਕੀਮਤ 4,500 ਪੌਂਡ ਯਾਨੀ ਚਾਰ ਲੱਖ ਰੁਪਏ ਤੋਂ ਵੀ ਵੱਧ ਸੀ।

ਰੈਸਟੋਰੈਂਟ ਨੂੰ ਜਦ ਇਸ ਨੁਕਸਾਨ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਇਸ ਦੀ ਤਸਵੀਰ ਨੂੰ ਸਾਂਝਾ ਕੀਤਾ ਤੇ ਖ਼ੂਬਸੂਰਤ ਸੰਦੇਸ਼ ਵੀ ਲਿਖਿਆ। ਰੈਸਟੋਰੈਂਟ ਨੇ ਲਿਖਿਆ ਕਿ ਸਾਡੇ ਸਟਾਫ ਮੈਂਬਰ ਨੇ ਭੁਲੇਖੇ ਨਾਲ ਮਹਿੰਗੀ ਵਾਈਨ ਦੇ ਦਿੱਤੀ, ਪਰ ਕੋਈ ਗੱਲ ਨਹੀਂ ਅਸੀਂ ਆਪਣੇ ਗਾਹਕਾਂ ਨੂੰ ਬੇਹੱਦ ਪਿਆਰ ਕਰਦੇ ਹਾਂ। ਇਹ ਪੋਸਟ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ ਤੇ ਲੋਕ ਕਿਸਮਤ ਵਾਲੇ ਗਾਹਕ ਲਈ ਖੁਸ਼ੀ ਮਨਾ ਰਹੇ ਸਨ।