ਪੁਣੇ: ਮਹਾਰਾਸ਼ਟਰ ਵਿੱਚ ਪੁਣੇ ਕੋਲ ਪਿੰਪਰੀ ਚਿੰਚਵੜ ਖੇਤਰ ਵਿੱਚ ਇੱਕ ਸ਼ਖਸ ਨੇ ਝਗੜੇ ਬਾਅਦ ਆਪਣੀ ਗਰਲਫ੍ਰੈਂਡ ਨੂੰ ਮਨਾਉਣ ਲਈ 300 ਤੋਂ ਜ਼ਿਆਦਾ ਬੈਨਰ ਤੇ ਹੋਰਡਿੰਗ ਲਾ ਦਿੱਤੇ। ਇਲਾਕੇ ਦੇ ਲੋਕ ਜਦੋਂ ਸਵੇਰੇ ਉੱਠੇ ’ਤੇ ਉਨ੍ਹਾਂ ਕਈ ਪੋਸਟਰ ਲੱਗੇ ਵੇਖੇ ਜਿਨ੍ਹਾਂ ’ਤੇ ਮੋਟੇ ਅੱਖਰਾਂ ਵਿੱਚ ਕੁੜੀ ਦੇ ਨਾਂ ਬਾਅਦ ‘ਆਈ ਐਮ ਸੌਰੀ’ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਦਿਲ ਦਾ ਇਮੋਜੀ ਵੀ ਬਣਾਇਆ ਹੋਇਆ ਸੀ। ਇਹ ਪੋਸਟਰ ਖਾਸ ਕਰਕੇ ਇਲਾਕੇ ਦੇ ਮੁੱਖ ਚੌਰਾਹਿਆਂ ’ਤੇ ਲਾਏ ਗਏ ਸਨ। ਇਸ ਸਬੰਧੀ 25 ਸਾਲ ਦਾ ਸਥਾਨਕ ਵਪਾਰੀ ਨਿਲੇਸ਼ ਖੇਦਕਰ ਮੁਸ਼ਕਲ ਵਿੱਚ ਫਸ ਸਕਦਾ ਹੈ ਕਿਉਂਕਿ ਪੁਲਿਸ ਨੇ ਪਿੰਪਰੀ ਚਿੰਚਵੜ ਨਗਰ ਨਿਗਮ ਨਾਲ ਸੰਪਰਕ ਕਰਕੇ ਉਸ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ। ਨਗਰ ਨਿਗਮ ਨਾਜਾਇਜ਼ ਹੋਰਡਿੰਗ ਤੇ ਜਨਤਕ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਦੇਖਦਾ ਹੈ। ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਹੋਰਡਿੰਗਾਂ ਬਾਰੇ ਸੂਚਨਾ ਮਿਲਣ ਬਾਅਦ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਹੋਰਡਿੰਗ ਲਾਉਣ ਵਾਲੇ ਨਿਲੇਸ਼ ਦੇ ਦੋਸਤ ਵਿਲਾਸ ਸ਼ਿੰਦੇ ਤਕ ਪੁੱਜੇ ਜਿਸਨੇ ਫਲੈਕਸ ਬਣਵਾਉਣ ਵਿੱਚ ਉਸ ਦੀ ਮਦਦ ਕੀਤੀ ਸੀ। ਦੋਸਤ ਕੋਲੋਂ ਪੁਲਿਸ ਨੇ ਨਿਲੇਸ਼ ਦਾ ਵੀ ਪਤਾ ਕਰ ਲਿਆ। ਉਨ੍ਹਾਂ ਦੱਸਿਆ ਕਿ ਸ਼ਿੰਦੇ ਨੇ ਦੱਸਿਆ ਕਿ ਨਿਲੇਸ਼ ਆਪਣੀ ਪ੍ਰੇਮਿਕਾ ਨਾਲ ਝਗੜੇ ਬਾਅਦ ਉਸ ਨਾਲ ਸੁਲਾਹ ਕਰਨਾ ਚਾਹੁੰਦਾ ਸੀ ਤੇ ਉਸ ਕੋਲੋਂ ਮੁਆਫੀ ਮੰਗਣਾ ਚਾਹੁੰਦਾ ਸੀ। ਇਸ ਲਈ ਉਸ ਦੇ ਦਿਮਾਗ ਵਿੱਚ ਇਹ ਵਿਚਾਰ ਆਇਆ।