ਇਸਤਾਂਬੁਲ: ਤੁਰਕੀ ਦੇ ਰਾਸ਼ਟਰਪਤੀ ਰਜਬ ਤਈਅਬ ਈਰਦੋਗਾਨ ਨੇ ਅਮਰੀਕਾ ਨਾਲ ਵਧਦੇ ਤਣਾਅ ਦਰਮਿਆਨ ਕਿਹਾ ਕਿ ਉਨ੍ਹਾਂ ਦਾ ਦੇਸ਼ ਆਰਥਿਕ ਤਖਤਾ ਪਲਟਣ ਦੇ ਯਤਨਾਂ ਖਿਲਾਫ ਮਜ਼ਬੂਤੀ ਨਾਲ ਖੜ੍ਹਾ ਰਹੇਗਾ। ਉਨ੍ਹਾਂ ਅੱਜ ਅੰਕਾਰਾ 'ਚ ਹਜ਼ਾਰਾਂ ਸਮਰਥਕਾਂ ਨੂੰ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ, ਵਿਦੇਸ਼ੀ ਮੁਦਰਾ, ਵਿਆਜ ਦਰਾਂ ਤੇ ਮਹਿੰਗਾਈ ਤੋਂ ਡਰਾਇਆ ਜਾ ਰਿਹਾ ਹੈ।
ਅਮਰੀਕਾ ਨੇ ਤੁਰਕੀ 'ਤੇ ਪਾਬੰਦੀਆਂ ਲਾਉਂਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਨਜ਼ਰਬੰਦ ਕੀਤੇ ਗਏ ਅਮਰੀਕੀ ਪਾਦਰੀ ਨੂੰ ਰਿਹਾਅ ਨਾ ਕੀਤਾ ਗਿਆ ਤੇ ਉਸ 'ਤੇ ਪਾਬੰਦੀਆਂ ਲਾਈਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਸਾਲ ਦੀ ਸ਼ੁਰੂਆਤ 'ਚ ਤੁਰਕੀ ਦੀ ਮੁਦਰਾ ਲੀਰਾ ਦਾ ਮੁੱਲ ਡਾਲਰ ਦੇ ਮੁਕਾਬਲੇ 38 ਫੀਸਦੀ ਹੇਠਾਂ ਡਿੱਗਾ ਹੈ। ਇਸ ਹਫਤੇ ਇਹ 7.24 ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ। ਵਿਸ਼ਵ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਸ ਨੇ ਤੁਰਕੀ ਦੀ ਕਰਜ਼ ਰੇਟਿੰਗ ਘਟਾ ਕੇ ਬੀ+ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੰਭਾਵਨਾ ਜਤਾਈ ਕਿ ਦੇਸ਼ 2019 'ਚ ਮੰਦੀ ਦਾ ਸਾਹਮਣਾ ਕਰ ਸਕਦਾ ਹੈ।