ਜੌਹਨਸਬਰਗ: ਦੱਖਣੀ ਅਫਰੀਕਾ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੇ ਟੈਲਵਿਜ਼ਨ ਦੇ ਰਿਮੋਟ ਲਈ ਹੋਏ ਝਗੜੇ ਦੌਰਾਨ ਆਪਣੇ ਚਚੇਰੇ ਭਰਾ ਦਾ ਕਥਿਤ ਤੌਰ ’ਤੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲਿਸ ਮੁਤਾਬਕ 47 ਸਾਲਾ ਬੇਰੁਜ਼ਗਾਰ ਮੁਲਜ਼ਮ ਨੂੰ ਮਨੋਵਿਗਿਆਨਕ ਮੁਲਾਂਕਣ ਪੂਰਾ ਨਾ ਹੋਣ ਕਰਕੇ ਨਾਂ ਉਜਾਗਰ ਨਹੀਂ ਕੀਤਾ ਜਾ ਸਕਦਾ। ਉਹ ਕਵਾਜ਼ੁਲੂ-ਨਾਟਲ ਖੇਤਰ ਦੇ ਪੀਟਰਮੈਰਿਟਜ਼ਬਰਗ ਵਿੱਚ ਰਹਿੰਦਾ ਹੈ। ਉਸ ਨੇ ਆਪਣੇ 42 ਸਾਲਾ ਚਚੇਰੇ ਭਰਾ ਰੂਕਸਾਨਾ ਕਾਸਿਮ ਦਾ ਕਤਲ ਕਰ ਦਿੱਤਾ।

ਪੁਲਿਸ ਬੁਲਾਰੇ ਲੈਫਟੀਨੈਂਟ ਕਰਨਲ ਥੁਲਾਨੀ ਜ਼ਵਾਨੇ ਨੇ ਪੁਸ਼ਟੀ ਕੀਤੀ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਦਾ ਹਥਿਆਰ ਜ਼ਬਤ ਕਰ ਲਿਆ ਗਿਆ ਹੈ। ਮੁਲਜ਼ਮ ’ਤੇ ਆਪਣੀ ਚਾਚੀ ਮੇਮੂਨਾ ਕਾਸਿਮ (80) ਦਾ ਕਤਲ ਕਰਨ ਦਾ ਵੀ ਇਲਜ਼ਾਮ ਲੱਗਾ ਹੈ। ਮੁਲਜ਼ਮ ਨੇ ਉਸ ਦੀ ਲੱਤ ਵਿੱਚ ਵੀ ਗੋਲ਼ੀ ਮਾਰੀ।

ਪ੍ਰਾਪਤ ਜਾਣਕਾਰੀ ਮੁਤਾਬਕ ਟੀਵੀ ਵੇਖਣ ਦੌਰਾਨ ਝਗੜਾ ਉਦੋਂ ਵਧ ਗਿਆ ਜਦੋਂ ਮੁਲਜ਼ਮ ਨੇ ਕਿਹਾ ਕਿ ਇਹ ਉਸ ਦੇ ਧਾਰਮਿਕ ਵਿਸ਼ਵਾਸਾਂ ਦੇ ਵਿਰੁੱਧ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ ਸਾਰੇ ਪਰਿਵਾਰ ’ਤੇ ਆਪਣਾ ਧਰਮ ਥੋਪਣਾ ਚਾਹੁੰਦਾ ਸੀ।

ਪਰਿਵਾਰ ਦੇ ਕਰੀਬੀ ਨੇ ਦੱਸਿਆ ਕਿ ਰੂਕਸਾਨਾ ਦੇ ਪਿਤਾ ਟੀਵੀ ਦਾ ਰਿਮੋਟ ਲੁਕਾ ਰਹੇ ਸੀ ਤਾਂ ਕਿ ਸਾਰੇ ਟੀਵੀ ਨਾ ਵੇਖ ਸਕਣ। ਇਸੇ ਦੌਰਾਨ ਮੁਲਜ਼ਮ ਵਿਅਕਤੀ ਨੇ ਰੂਕਸਾਨਾ ਦੇ ਪਿਤਾ ’ਤੇ ਗੋਲ਼ੀ ਚਲਾ ਦਿੱਤੀ ਪਰ ਗੋਲ਼ੀ ਰੂਕਸਾਨਾ ਨੂੰ ਲੱਗ ਗਈ ਕਿਉਂਕਿ ਉਹ ਆਪਣੇ ਪਿਤਾ ਨੂੰ ਬਚਾਉਣ ਲਈ ਉਨ੍ਹਾਂ ਦੇ ਅੱਗੇ ਆ ਗਿਆ ਸੀ। ਪੁਲਿਸ ਨੇ ਮੁਲਜ਼ਮ ਨੂੰ ਰਿਮਾਂਡ 'ਤੇ ਰੱਖਿਆ ਹੈ। ਅਗਲੇ ਹਫਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।