ਫਾਜ਼ਿਲਕਾ: ਇੱਥੋਂ ਦੇ ਪਿੰਡ ਜੋੜਕੀ ਕੰਕਰ ਵਾਲੀ ਪਿੰਡ 'ਚ ਬੀਤੇ ਦਿਨ ਸਹੁਰੇ ਪਰਿਵਾਰ ਨੇ ਕੁੱਟ-ਕੁੱਟ ਕੇ ਆਪਣੇ ਜਵਾਈ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦਿਲਬਾਗ ਦੇ ਭਰਾ ਦੇ ਬਿਆਨ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਕ ਦਿਲਬਾਗ ਸਿੰਘ ਪੱਟੀ ਦਾ ਰਹਿਣ ਵਾਲਾ ਸੀ ਤੇ ਪਿਛਲੇ 10 ਸਾਲ ਤੋਂ ਵਿਆਹਿਆ ਹੋਇਆ ਸੀ। ਪਿਛਲੇ ਛੇ ਸਾਲ ਤੋਂ ਉਸ ਦੀ ਪਤਨੀ ਆਪਣੇ ਪੇਕੇ ਘਰ ਰਹਿ ਰਹੀ ਸੀ ਜਿਸ ਨੂੰ ਉਹ ਕਦੇ-ਕਦੇ ਮਿਲਣ ਲਈ ਆਉਂਦਾ ਸੀ। ਦੋ ਦਿਨ ਪਹਿਲਾਂ ਵੀ ਉਹ ਆਪਣੀ ਪਤਨੀ ਨੂੰ ਮਿਲਣ ਆਇਆ ਸੀ ਜਿਸ ਦੌਰਾਨ ਕਿਸੇ ਗੱਲ ਤੋਂ ਉਸ ਦੀ ਆਪਣੇ ਸਹੁਰੇ ਪਰਿਵਾਰ ਨਾਲ ਤਕਰਾਰ ਹੋ ਗਈ।
ਗੱਲ ਵਧਣ 'ਤੇ ਲੜਾਈ-ਝਗੜੇ 'ਚ ਉਸ ਦੇ ਸਿਰ 'ਤੇ ਸੱਟ ਲੱਗਣ ਨਾਲ ਦਿਲਬਾਗ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦਿਲਬਾਗ ਸਿੰਘ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾ ਕੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਦਿਲਬਾਗ ਸਿੰਘ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤੇ ਆਪਣੀ ਪਤਨੀ ਨੂੰ ਮਿਲਣ ਆਏ ਦੌਰਾਨ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਚੱਲਦਿਆਂ ਉਸ ਦੇ ਸਾਲਿਆਂ ਨੇ ਉਸ ਦੀ ਮਾਰ-ਕੁੱਟ ਕਰ ਦਿੱਤੀ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਹੈ ਤੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।