ਚੰਡੀਗੜ੍ਹ: ਫ਼ਿਰੋਜ਼ਪੁਰ ਰੇਂਜ ਦੇ ਇੰਸਪੈਕਟਰ ਜਨਰਲ ਗੁਰਿੰਦਰ ਸਿੰਘ ਢਿੱਲੋਂ ਦੀ ਸ਼ਨੀਵਾਰ ਸ਼ਾਮ ਨੂੰ ਬਦਲੀ ਕਰ ਦਿੱਤੀ ਗਈ ਹੈ। ਬੀਤੇ ਦਿਨੀਂ ਸੀਬੀਆਈ ਨੇ ਪਟਿਆਲਾ ਦੇ ਸਾਬਕਾ ਸੀਨੀਅਰ ਪੁਲਿਸ ਕਪਤਾਨ ਸ਼ਿਵ ਕੁਮਾਰ ਸ਼ਰਮਾ ਤੋਂ ਆਈਜੀ ਦੇ ਨਾਂਅ 'ਤੇ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ਇੱਕ 'ਵਿਚੋਲੇ' ਨੂੰ ਗ੍ਰਿਫ਼ਤਾਰ ਕੀਤਾ ਸੀ।
ਕੈਪਟਨ ਸਰਕਾਰ ਨੇ ਉਨ੍ਹਾਂ ਨੂੰ ਹੁਣ ਗੁਰਿੰਦਰ ਨੂੰ ਆਈਜੀਪੀ ਮਨੁੱਖੀ ਅਧਿਕਾਰ ਲਾਇਆ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਮੁਖਵਿੰਦਰ ਸਿੰਘ ਛੀਨਾ ਨੇ ਲੈ ਲਈ ਹੈ। ਪੰਜਾਬ ਵਿਜੀਲੈਂਸ ਬਿਊਰੋ ਤੋਂ ਸੇਵਾਮੁਕਤ ਹੋਏ ਐਸਐਸਪੀ ਸ਼ਿਵ ਕੁਮਾਰ ਨੂੰ ਜਾਂਚ ਵਿੱਚ ਕਲੀਨ ਚਿੱਟ ਦੇਣ ਲਈ ਆਈਜੀ ਫਿਰੋਜ਼ਪੁਰ ਰੇਂਜ ਦੇ ਵਿਚੋਲੇ ਅਸ਼ੋਕ ਗੋਇਲ ਨੂੰ 10 ਲੱਖ ਰੁਪਏ ਰਿਸ਼ਵਤ ਦੇ ਮਾਮਲੇ ਵਿੱਚ ਸੀਬੀਆਈ ਨੇ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ।
ਸਾਬਕਾ ਐਸਐਸਪੀ ਸ਼ਿਵ ਕੁਮਾਰ ਨੇ ਇਲਜ਼ਾਮ ਲਾਏ ਸੀ ਕਿ 2012-13 ਵਿੱਚ ਉਸ ਖਿਲਾਫ ਮਾਮਲਾ ਦਰਜ ਹੋਇਆ ਸੀ। ਇਸ ਦੀ ਪੜਤਾਲ ਆਈਜੀਪੀ ਫ਼ਿਰੋਜ਼ਪੁਰ ਰੇਂਜ ਨੂੰ ਦਿੱਤੀ ਗਈ ਸੀ। ਆਈਜੀ ਫਿਰੋਜ਼ਪੁਰ ਨੇ ਜਾਂਚ ਵਿੱਚ ਸ਼ਿਵ ਕੁਮਾਰ ਨੂੰ ਕਲੀਨ ਚਿੱਟ ਦੇਣ ਲਈ ਰਿਸ਼ਵਤ ਦੀ ਮੰਗ ਕੀਤੀ ਸੀ। ਐਸਐਸਪੀ ਸ਼ਿਵ ਕੁਮਾਰ ਨੇ ਸ਼ਿਕਾਇਤ ਵਿੱਚ ਇਹ ਵੀ ਲਿਖਿਆ ਕਿ ਰਿਸ਼ਵਤ ਦੀ ਮੰਗ ਅਸ਼ੋਕ ਗੋਇਲ ਰਾਹੀਂ ਆਈ ਸੀ। ਸੀਬੀਆਈ, ਸਾਬਕਾ ਐਸਐਸਪੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਅਸ਼ੋਕ ਗੋਇਲ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
ਸੀਬੀਆਈ ਨੇ ਤਫ਼ਤੀਸ਼ ਦੇ ਤੱਥ ਦੱਸਦੇ ਹੋਏ ਕਿਹਾ ਕਿ 14 ਤਾਰੀਖ ਨੂੰ ਅਸ਼ੋਕ ਗੋਇਲ ਨੂੰ ਇਸ ਮਾਮਲੇ ਬਾਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਸੀ। ਸੀਬੀਆਈ ਦੇ ਸੂਤਰਾਂ ਮੁਤਾਬਕ ਅਸ਼ੋਕ ਗੋਇਲ ਨੇ ਸੀਬੀਆਈ ਦੀ ਪੁੱਛਗਿੱਛ ਦੌਰਾਨ ਇਹ ਕਬੂਲਿਆ ਕਿ ਰਿਸ਼ਵਤ ਦਾ ਪੈਸਾ ਆਈਜੀ ਫਿਰੋਜ਼ਪੁਰ ਨੂੰ ਜਾਣਾ ਸੀ।