ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ 'ਚ ਐਂਟਰੀ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਅੱਜ ਹਰਿਆਣਾ ਦੇ ਪਿੱਪਲੀ ਵਿੱਚ ਅਕਾਲੀ ਦਲ ਦੀ ਰੈਲੀ ਮੌਕੇ ਪ੍ਰਧਾਨ ਸੁਖਬੀਰ ਬਾਦਲ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅਗਲੇ ਸਾਲ ਹੋਣ ਜਾ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਿਹਾ ਹੈ।

 

ਇਸ ਦੇ ਵਿਰਧ ਵਿੱਚ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕਾਰਕੁਨਾਂ ਨੇ ਸੁਖਬੀਰ ਬਾਦਲ ਦੇ ਸੰਬੋਧਨ ਦੌਰਾਨ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸੁਖਬੀਰ ਬਾਦਲ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਦਾ ਇਲਜ਼ਾਮ ਹੈ ਕਿ ਅਕਾਲੀ ਦਲ ਨੇ ਕਦੇ ਵੀ ਹਰਿਆਣਾ ਦੇ ਸਿੱਖਾਂ ਦੀ ਸਾਰ ਨਹੀਂ ਲਈ। ਇਸ ਲਈ ਉਨ੍ਹਾਂ ਨੂੰ ਹਰਿਆਣਾ ਦੇ ਸਿੱਖ ਕਦੇ ਵੀ ਕਬੂਲ ਨਹੀਂ ਕਰਨਗੇ।

ਦਰਅਸਲ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਅਕਾਲੀ ਦਲ ਦੀ ਇਸ ਰੈਲੀ ਨੂੰ ਟੱਕਰ ਦੇਣ ਲਈ ਬਰਾਬਰ ਸਲਾਹ ਰੈਲੀ ਕਰਨ ਦੀ ਪ੍ਰਸ਼ਾਸਨ ਤੋਂ ਇਜਾਜ਼ਤ ਮੰਗੀ ਸੀ। ਆਗਿਆ ਨਾ ਮਿਲਣ 'ਤੇ ਝੀਂਡਾ ਧੜੇ ਦੇ ਆਗੂਆਂ ਨੇ ਸੁਖਬੀਰ ਬਾਦਲ ਦੀ ਰੈਲੀ ਵਿੱਚ ਆ ਕੇ ਕਾਲੀਆਂ ਝੰਡੀਆਂ ਦਿਖਾਈਆਂ।