ਜੰਮੂ: ਦੇਸ਼ ਭਰ ‘ਚ ਲਾਗੂ ਕੀਤੇ 21 ਦਿਨਾਂ ਦੇ ਲੌਕਡਾਊਨ ਦੌਰਾਨ ਲੋਕ ਘਰ ਜਾਣ ਲਈ ਅਜੀਬ ਚਾਲਾਂ ਵਰਤ ਰਹੇ ਹਨ। ਹਾਲਾਂਕਿ, ਜੰਮੂ ਦੇ ਹਸਪਤਾਲ ਤੋਂ 200 ਕਿਲੋਮੀਟਰ ਦੀ ਦੂਰੀ 'ਤੇ ਪੁਣਛ ਜਾਣ ਲਈ 5 ਲੋਕਾਂ ਨੇ ਬਹਾਨਾ ਬਣਾਇਆ ਜਿਸ ਤੋਂ ਪੁਲਿਸ ਵੀ ਹੈਰਾਨ ਰਹਿ ਗਈ। ਪੁਣਛ ਦਾ ਰਹਿਣ ਵਾਲੇ ਹਕੀਮਦੀਨ ਦੇ ਸਿਰ ਵਿੱਚ ਸੱਟ ਲੱਗੀ ਸੀ। ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਉੱਥੇ ਐਂਬੂਲੈਂਸ ‘ਚ ਕੰਮ ਕਰਨ ਵਾਲੇ ਡਰਾਈਵਰ ਨੂੰ ਵੀ ਪੁਣਛ ਜਾਣਾ ਪਿਆ। ਉਸ ਨੇ ਹਕੀਮਦੀਨ ਨੂੰ ਕਿਹਾ ਕਿ ਉਸ ਦਾ ਮੌਤ ਦਾ ਸਰਟੀਫਿਕੇਟ ਬਣਾਇਆ ਜਾਵੇ ਤੇ ਅਜਿਹੀ ਸਥਿਤੀ ਵਿੱਚ ਉਹ ਉਸ ਨੂੰ ਪੁਣਛ ਛੱਡ ਦੇਵੇਗਾ।

ਇਸ ਚਾਲ ਨੂੰ ਅੰਜ਼ਾਮ ਦੇਣ ਲਈ ਹਕੀਮਦੀਨ, ਡਰਾਈਵਰ ਤੇ ਤਿੰਨ ਹੋਰ ਲੋਕਾਂ ਨੇ ਡੈੱਥ ਸਰਟੀਫਿਕੇਟ ਬਣਵਾਇਆ। ਇਹ ਸਾਰੇ ਲੋਕ ਪੁਣਛ ਜਾਣਾ ਚਾਹੁੰਦੇ ਸੀ। ਹਕੀਮਦੀਨ ਜੋ ਜ਼ਿੰਦਾ ਸੀ, ਉਸ ਦੀ ਲਾਸ਼ ਨੂੰ ਐਂਬੂਲੈਂਸ ‘ਚ ਰੱਖਿਆ ਤੇ ਪੁਣਛ ਵੱਲ ਵਧੇ। ਇਸ ਦੇ ਨਾਲ ਉਨ੍ਹਾਂ ਨੇ 200 ਕਿਲੋਮੀਟਰ ਦਾ ਰਸਤਾ ਪਾਰ ਕਰ ਲਿਆ, ਪਰ ਪਿੰਡ ਤੋਂ ਪਹਿਲਾਂ ਦੇ ਆਖਰੀ ਚੈੱਕ ਪੋਸਟ ‘ਤੇ ਫੜੇ ਗਏ।

ਇਸ ਪੇਸਟ ‘ਤੇ ਇੱਕ ਪੁਲਿਸ ਮੁਲਾਜ਼ਮ ਨੂੰ ਉਨ੍ਹਾਂ ‘ਤੇ ਸ਼ੱਕ ਹੋਇਆ। ਉਹ ਸਮਝ ਗਿਆ ਕਿ ਚਾਦਰ ਹੇਠ ਪਿਆ ਆਦਮੀ ਜ਼ਿੰਦਾ ਹੈ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਪੁੱਛ ਪੜਤਾਲ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਉਨ੍ਹਾਂ ਸਾਰਿਆਂ 'ਤੇ ਸਰਕਾਰੀ ਹੁਕਮਾਂ ਦੀ ਧੋਖਾਧੜੀ ਤੇ ਉਲੰਘਣਾ ਕਰਨ ਦੇ ਦੋਸ਼ ਹਨ।