ਫੇਸਬੁੱਕ ਨੇ ਇਤਿਹਾਸਕ ਬਣਾਇਆ ਬੇਟੀ ਦਾ ਜਨਮ ਦਿਨ, ਹਜ਼ਾਰਾਂ ਲੋਕ ਪਹੁੰਚੇ
ਮੈਕਸੀਕੋ: ਇੱਕ ਪਿਤਾ ਵੱਲੋਂ ਆਪਣੀ ਬੇਟੀ ਦੇ 15ਵੇਂ ਬਰਥਡੇ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਦਿੱਤਾ ਗਿਆ ਸੱਦਾ ਲੋਕਾਂ ਨੂੰ ਇੰਨੀ ਪਸੰਦ ਆਇਆ ਕਿ ਹਜ਼ਾਰਾਂ ਲੋਕ ਇਸ ਲੜਕੀ ਦੀ ‘ਕਿਨਸਿਯਨੇਰਾ’ ਪਾਰਟੀ ਵਿੱਚ ਪਹੁੰਚ ਗਏ। ਇਹ ਘਟਨਾ ਮੈਕਸੀਕੋ ਦੀ ਹੈ। ਇਥੇ ਇਹ ਰਵਾਇਤ ਹੈ ਕਿ ਪਰਵਾਰ ਆਪਣੀਆਂ ਬੇਟੀਆਂ ਦੇ 15ਵੇਂ ਜਨਮ ਦਿਨ ‘ਤੇ ਵੱਡੀ ਪਾਰਟੀ ਕਰਦਾ ਹੈ, ਪਰ ਰੂਬੀ ਦੇ ਪਰਵਾਰ ਵਾਲਿਆਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਵੱਡੀ ਪਾਰਟੀ ਕਰ ਸਕਣ।
ਰੂਬੀ ਦੇ ਪਿਤਾ ਨੇ ਆਪਣੇ ਫੇਸਬੁਕ ਪੇਜ ‘ਤੇ ਬੇਟੀ ਦੇ ਬਰਥਡੇ ਇਨਵੀਟੇਸ਼ਨ ਦੀ ਇੱਕ ਵੀਡੀਓ ਪੋਸਟ ਕੀਤੀ ਤੇ ਅਖੀਰ ਵਿੱਚ ਕਿਹਾ ਕਿ ਤੁਸਾਂ ਸਾਰਿਆਂ ਲਈ ਸੱਦਾ ਹੈ। ਰੂਬੀ ਦੇ ਬਰਥਡੇ ਇਨਵੀਟੇਸ਼ਨ ਨੂੰ ਉਸ ਸਮੇਂ ਪਬਲੀਸਿਟੀ ਮਿਲੀ, ਜਦੋਂ ਇੱਕ ਫੋਟੋਗਰਾਫਰ ਨੇ ਰੂਬੀ ਦੇ ਪਿਤਾ ਦੀ ਵੀਡੀਓ ਆਪਣੀ ਫੇਸਬੁਕ ‘ਤੇ ਪੋਸਟ ਕੀਤੀ।
ਐਕਟਰ ਗਾਇਲ ਗਾਰਸੀਆ ਨੇ ਰੂਬੀ ਦੇ ਇਨਵੀਟੇਸ਼ਨ ਦਾ ਇੱਕ ਪੈਰੋਡੀ ਵੀਡੀਓ ਬਣਾਇਆ ਤੇ ਸਿੰਗਰ ਲੁਈਸ ਐਂਤੋਨੀਓ ਲੋਪੇਜ ਨੇ ਖਾਸ ਤੌਰ ‘ਤੇ ਗਾਣਾ ਤਿਆਰ ਕੀਤਾ। ਇੱਕ ਮੱਧ ਵਰਗੀ ਪਰਵਾਰ ਦੀ ਬੇਟੀ ਦੀ ਬਰਥ ਡੇ ਪਾਰਟੀ ‘ਤੇ ਇੰਨੇ ਲੋਕ ਆਏ ਕਿ ਗੱਡੀਆਂ ਦਾ ਜਾਮ ਲੱਗ ਗਿਆ। ਇਥੋਂ ਤੱਕ ਕਿ ਸੂਬੇ ਦੀ ਪੁਲਸ ਨੂੰ ਸਥਿਤੀ ‘ਤੇ ਨਜ਼ਰ ਰੱਖਣੀ ਪਈ।
ਰੂਬੀ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਵੀਡੀਓ ਵਿੱਚ ਸਿਰਫ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਸੱਦਾ ਦਿੱਤਾ ਸੀ, ਪੂਰੀ ਦੁਨੀਆ ਨੂੰ ਨਹੀਂ, ਪਰ ਵੀਡੀਓ ਨੂੰ ਯੂ ਟਿਊਬ ‘ਤੇ ਲੱਖਾਂ ਲੋਕਾਂ ਨੇ ਦੇਖਿਆ। ਇਸ ਪਿੱਛੋਂ ਮਿਊਜ਼ੀਕਲ ਸਟਾਰਸ ਇਸ ਪਾਰਟੀ ਬਾਰੇ ਚਰਚਾ ਕਰਨ ਲੱਗੇ, ਉਨ੍ਹਾਂ ਨੂੰ ਪਾਰਟੀ ਲਈ ਕਈ ਕੰਪਨੀਆਂ ਨੇ ਸਪੌਂਸਰਸ਼ਿਪ ਦਾ ਵੀ ਆਫਰ ਕੀਤਾ।
ਮੈਕਸੀਕਨ ਏਅਰਲਾਈਨਜ਼ ਨੇ ਇੱਕ ਪ੍ਰਮੋਸ਼ਨਲ ਐਡਵਰਟਾਈਜਮੈਂਟ ਛਾਪਿਆ। ਇਸ ਵਿੱਚ ਪਾਰਟੀ ਵਾਲੇ ਥਾਂ ਸੈਨ ਲੁਈਸ ਪੋਤੋਸੀ ਜਾਣ ਵਾਲੀਆਂ ਸਾਰੀਆਂ ਫਲਾਈਟਸ ਦੀ ਟਿਕਟ ਉੱਤੇ ਤੀਹ ਫੀਸਦੀ ਦੀ ਛੋਟ ਦਿੱਤੀ ਗਈ ਅਤੇ ਹੇਠਾਂ ਕੈਪਸ਼ਨ ਵਿੱਚ ਲਿਖਿਆ, ‘ਕੀ ਤੁਸੀਂ ਰੂਬੀ ਦੀ ਪਾਰਟੀ ਵਿੱਚ ਜਾ ਰਹੇ ਹੋ।’